9 ਹੋਰ ਪਿੰਡਾਂ ’ਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਪ੍ਰਕਿਰਿਆ ਜਾਰੀ 9 ਹੋਰ ਪਿੰਡਾਂ ਵਿੱਚ ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਪ੍ਰਕਿਰਿਆ ਜਾਰੀ
Publish Date: Fri, 30 Oct 2026 03:30 PM (IST)
Updated Date: Fri, 30 Oct 2026 03:31 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 84 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 9 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਨਵੇਂ ਆਮ ਆਦਮੀ ਕਲੀਨਿਕ ਜੰਡੀ, ਧੂਤ ਕਲਾਂ, ਖੁਣ-ਖੁਣ ਗੋਬਿੰਦਪੁਰ, ਨੰਗਲ ਸ਼ਹੀਦਾਂ, ਨਾਰੂ ਨੰਗਲ, ਪਨਵਾਂ, ਆਲਮਪੁਰ, ਰੁੜਕੀ ਖ਼ਾਸ ਅਤੇ ਟੋਡਰਪੁਰ ਵਿਖੇ ਖੋਲ੍ਹੇ ਜਾਣਗੇ। ਇਨ੍ਹਾਂ 9 ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਉਪਰੰਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 84 ਤੋਂ ਵਧ ਕੇ 93 ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਡਾਕਟਰੀ ਸਲਾਹ ਅਤੇ ਜਾਂਚ ਦੇ ਨਾਲ-ਨਾਲ 47 ਤਰ੍ਹਾਂ ਦੇ ਲੈਬਾਰਟਰੀ ਟੈਸਟ ਅਤੇ 107 ਕਿਸਮ ਦੀਆਂ ਜ਼ਰੂਰੀ ਦਵਾਈਆਂ ਬਿਲਕੁਲ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਲੋੜੀਂਦੇ ਟੀਕਾਕਰਨ, ਬੱਚਿਆਂ ਦੀ ਸਿਹਤ ਜਾਂਚ, ਪੋਸ਼ਣ ਸਬੰਧੀ ਸਲਾਹ ਅਤੇ ਪਰਿਵਾਰ ਨਿਯੋਜਨ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਵਿਚ ਕੁੱਤੇ ਦੇ ਕੱਟਣ ਵਾਲੇ ਮਰੀਜ਼ਾਂ ਲਈ ਐਂਟੀ-ਰੇਬੀਜ਼ ਵੈਕਸੀਨ ਦੀ ਸਹੂਲਤ ਵੀ ਉਪਲਬਧ ਕੀਤੀ ਹੈ। ਡਾ. ਸੀਮਾ ਗਰਗ ਨੇ ਦੱਸਿਆ ਕਿ ਤਾਇਨਾਤ ਸਿਹਤ ਸਟਾਫ਼ ਦਾ ਮੁੱਖ ਉਦੇਸ਼ ਲੋਕਾਂ ਨੂੰ ਸਮੇਂ ਸਿਰ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।