ਜੇਤੂ ਕੌਂਸਲਰਾਂ ਨੂੰ ਨਹੀਂ ਚੁਕਾਈ ਸਹੁੰ, ਨਾ ਹੀ ਮਿਲ ਰਿਹਾ ਮੀਟਿੰਗ ਦਾ ਏਜੰਡਾ ਤਿੰਨ ਮਹੀਨਿਆਂ ਤੋਂ ਜੇਤੂ ਕੌਂਸਲਰਾਂ ਨੂੰ ਨਹੀਂ ਚੁਕਾਈ ਗਈ ਸਹੁੰ, ਨਾ ਹੀ ਮਿਲ ਰਿਹਾ ਮੀਟਿੰਗ ਦਾ ਏਜੰਡਾ
Publish Date: Mon, 23 Nov 2026 05:47 PM (IST)
Updated Date: Mon, 23 Nov 2026 05:49 PM (IST)
ਸਿਮਰਨਜੀਤ ਸਿੰਘ ਨੇ ਕੈਬਨਿਟ ਮੰਤਰੀ ’ਤੇ ਲਾਏ ਦਬਾਅ ਪਾਉਣ ਦੇ ਦੋਸ਼ ਕਮਲ, ਪੰਜਾਬੀ ਜਾਗਰਣ, ਹਰਿਆਣਾ : ਨਗਰ ਕੌਂਸਲ ਹਰਿਆਣਾ ਵਿੱਚ ਜੇਤੂ ਰਹੇ ਕੁਝ ਕੌਂਸਲਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਸਹੁੰ ਨਾ ਚੁਕਾਏ ਜਾਣ ਅਤੇ ਮੀਟਿੰਗ ਦਾ ਏਜੰਡਾ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੌਂਸਲਰਾਂ ਨੇ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਨਗਰ ਕੌਂਸਲ ਦੀਆਂ 11 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੱਤ, ਕਾਂਗਰਸ ਨੇ ਤਿੰਨ ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਸੀ। ਬੀਤੇ ਦਿਨੀਂ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਵੱਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਕੁਝ ਆਗੂਆਂ ਦੀ ਗੈਰਹਾਜ਼ਰੀ ਵਿੱਚ ਪ੍ਰਧਾਨ ਦੀ ਚੋਣ ਕਰ ਲਈ ਗਈ। ਇਸ ਮੌਕੇ ਡਾ. ਰਵਜੋਤ ਦੇ ਕਰੀਬੀ ਰਹੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਭਾਵਰਾ ਨੇ ਵਾਰਡ ਨੰਬਰ 3 ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਦੇ ਅਹੁਦੇ ਲਈ ਕਿਸੇ ਹੋਰ ਉਮੀਦਵਾਰ ਦੇ ਹੱਕ ਵਿੱਚ ਸਨ, ਪਰ ਡਾ. ਰਵਜੋਤ ਵੱਲੋਂ ਸੰਜੇ ਕਪਿਲਾ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ’ਤੇ ਦਬਾਅ ਪਾਇਆ ਗਿਆ। ਸਹਿਮਤੀ ਨਾ ਦੇਣ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਚੋਣ ਕਰਵਾਈ ਗਈ। ਸਿਮਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਜੇਤੂ ਕੌਂਸਲਰ ਇਕਬਾਲ ਸਿੰਘ, ਪਵਨ ਕੁਮਾਰ, ਭਾਵਰਾ, ਗੁਰਦੇਵ ਕੌਰ ਅਤੇ ਰਮਨ ਕੁਮਾਰ ਨੂੰ ਅਜੇ ਤੱਕ ਸਹੁੰ ਨਹੀਂ ਚੁਕਾਈ ਗਈ। ਉਨ੍ਹਾਂ ਕੈਬਨਿਟ ਮੰਤਰੀ ਨੂੰ ਚੁਣੌਤੀ ਦਿੰਦਿਆਂ ਆਪਣੇ ਦੋਸ਼ਾਂ ਦੇ ਸਬੂਤ ਹੋਣ ਦਾ ਦਾਅਵਾ ਵੀ ਕੀਤਾ। ਇਸ ਮੌਕੇ ਕੌਂਸਲਰ ਇਕਬਾਲ ਸਿੰਘ, ਗੁਰਦੇਵ ਕੌਰ, ਪਵਨ ਕੁਮਾਰ, ਰਮਨ ਕੁਮਾਰ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਸਿਮਰਨਜੀਤ ਸਿੰਘ ਹਾਜ਼ਰ ਸਨ।