ਨਾਵਲ ‘ਰੌਲਿਆਂ ਵੇਲੇ’ ਉੱਤੇ ਹੋਈ ਗੰਭੀਰ ਵਿਚਾਰ-ਚਰਚਾ ਵੰਡ ਦੇ ਦੁਖਾਂਤ ਆਧਾਰਿਤ ਨਾਵਲ ‘ਰੌਲਿਆਂ ਵੇਲੇ’ ਉੱਤੇ ਹੋਈ ਗੰਭੀਰ ਵਿਚਾਰ-ਚਰਚਾ
Publish Date: Mon, 09 Nov 2026 05:27 PM (IST)
Updated Date: Tue, 10 Nov 2026 04:04 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਕੰਢੀ-ਬਿਆਸ ਸਾਹਿਤ ਉਤਸਵ ਦੌਰਾਨ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ੇਸ਼ ਪੁਸਤਕ ਚਰਚਾ ਕਰਵਾਈ ਗਈ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਨੇ ਮੁੱਖ ਮਹਿਮਾਨ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਢਾਹਾਂ ਪੁਰਸਕਾਰ ਜੇਤੂ ਨਾਵਲਕਾਰ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਉੱਤੇ ਵਿਦਵਾਨਾਂ ਨੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ ਦੇ ਡਾ. ਗੁਰਪਾਲ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਡਾ. ਕਿਰਨਜੀਤ ਕੌਰ ਅਤੇ ਦਸ਼ਮੇਸ਼ ਗਰਲਜ਼ ਕਾਲਜ ਦੀ ਪੰਜਾਬੀ ਵਿਭਾਗ ਮੁਖੀ ਡਾ. ਸੋਨੀਆ ਦੇਵੀ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਚਰਚਾ ਦੌਰਾਨ ਨਾਵਲ ਵਿੱਚ ਪੰਜਾਬ ਦੀ ਵੰਡ ਦੇ ਦੁਖਾਂਤ, ਉਜਾੜੇ, ਮਨੁੱਖੀ ਪੀੜਾ ਅਤੇ ਸਮਾਜਿਕ-ਸੱਭਿਆਚਾਰਕ ਪ੍ਰਭਾਵਾਂ ਦੇ ਚਿਤਰਨ ਨੂੰ ਵਿਚਾਰਿਆ ਗਿਆ। ਵਿਦਵਾਨਾਂ ਨੇ ਕਿਹਾ ਕਿ ਸਾਹਿਤ ਵਿੱਚ ਵੰਡ ਦੇ ਮਨੁੱਖੀ ਨਤੀਜਿਆਂ ਦੇ ਨਾਲ-ਨਾਲ ਇਸ ਦੇ ਪਿੱਛੇ ਕੰਮ ਕਰਦੇ ਰਾਜਨੀਤਿਕ ਕਾਰਨਾਂ ਦੀ ਵੀ ਪੜਚੋਲ ਹੋਣੀ ਚਾਹੀਦੀ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸੰਧੂ ਨੇ ਨਾਵਲ ਦੇ ਵਿਸ਼ਾਲ ਕੈਨਵਸ ਤੇ ਮਨੁੱਖੀ ਪੀੜਾ ਦੇ ਸੰਵੇਦਨਸ਼ੀਲ ਚਿਤਰਨ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸੰਜੀਵ ਆਨੰਦ ਨੇ ਅਜਿਹੇ ਖੋਜਮੁੱਖੀ ਸਮਾਗਮਾਂ ਨੂੰ ਸਾਹਿਤ ਲਈ ਲਾਹੇਵੰਦ ਦੱਸਿਆ। ਅੰਤ ਵਿੱਚ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।