- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵਿਭਾਗੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪਿੰਡ ਢੱਕੀ, ਚੱਕ ਗੁੱਜਰਾਂ, ਤੱਖ਼ਣੀ, ਮਹਿੰਗਰੋਵਾਲ, ਬਸੀ ਉਮਰ ਖ਼ਾਂ ਵਿੱਚ ਹੋਈ ਮਾਈਨਿੰਗ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਨਾਲ ਇਸ ਮਾਮਲੇ ਵਿੱਚ ਕਾਰਵਾਈ ਦਾ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਕਾਰਵਾਈ ਨੂੰ ਲੈ ਕੇ ‘ਪੰਜਾਬੀ ਜਾਗਰਣ’ ਵੱਲੋਂ 5 ਅਕਤੂਬਰ ਨੂੰ ਸ਼ਿਕਾਇਤਾਂ ’ਚ ਉਲਝ ਕੇ ਰਹਿ ਗਈ ਮਾਈਨਿੰਗ ਵਿਰੁੱਧ ਕਾਰਵਾਈ ਸਿਰਲੇਖ਼ ਅਧੀਨ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਕੀਤੀ ਹੋਈ ਸੀ ਪਰ ਸੀਬੀਆਈ ਦੀ ਐਂਟਰੀ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੇਸ ਦਰਜ ਕੀਤਾ ਜਾਣਾ ਇਸ ਗੱਲ ਦੀ ਜਾਂਚ ਨੂੰ ਅਹਿਮ ਬਣਾਉਂਦਾ ਹੈ ਕਿ ਸਬੰਧਿਤ ਇਲਾਕਿਆਂ ਵਿੱਚ ਮਾਈਨਿੰਗ ਕਿਹੜੇ ਹਾਲਾਤਾਂ ਵਿੱਚ ਹੋਈ, ਇਸ ਲਈ ਕੌਣ ਜ਼ਿੰਮੇਵਾਰ ਸੀ ਅਤੇ ਕੀ ਨਿਯਮਾਂ ਦੀ ਉਲੰਘਣਾ ਕੀਤੀ ਗਈ।
ਸੀਬੀਆਈ ਦੀ ਐਂਟਰੀ ਮਗਰੋਂ ਵਿਭਾਗੀ ਕਾਰਵਾਈ ਚਰਚਾ ਵਿੱਚ : ਹੁਸ਼ਿਆਰਪੁਰ ਵਿੱਚ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਮਾਈਨਿੰਗ ਨਾਲ ਸਬੰਧਿਤ ਮਾਮਲਿਆਂ ਵਿੱਚ ਸਰਕਾਰੀ ਵਿਭਾਗਾਂ ਦੀ ਭੂਮਿਕਾ ਅਤੇ ਕਾਰਗੁਜ਼ਾਰੀ ਬਾਰੇ ਚਰਚਾ ਤੇਜ਼ ਹੋ ਗਈ ਹੈ। ਇਸ ਪਿਛੋਕੜ ਵਿੱਚ ਢੱਕੀ, ਚੱਕ ਗੁੱਜਰਾਂ, ਤੱਖ਼ਣੀ, ਮਹਿੰਗਰੋਵਾਲ, ਬਸੀ ਉਮਰ ਖ਼ਾਂ ਵਿੱਚ ਮਾਈਨਿੰਗ ਸਬੰਧੀ ਦਰਜ ਹੋਇਆ ਕੇਸ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਲਾਕੇ ਵਿੱਚ ਮਾਈਨਿੰਗ ਦੀ ਨਿਗਰਾਨੀ ਕਰਨ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਜੇਕਰ ਨਿਯਮਾਂ ਦੀ ਉਲੰਘਣਾ ਹੋਈ ਸੀ ਤਾਂ ਇਸ ਦਾ ਪਤਾ ਲਗਾਉਣ ਲਈ ਸਮੇਂ ਸਿਰ ਜਾਂਚ ਕਿਉਂ ਨਹੀਂ ਹੋਈ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ, ਇਹ ਅਹਿਮ ਸਵਾਲ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਸਬੰਧਿਤ ਵਿਭਾਗ ਦੀ ਜਾਂਚ ਅਤੇ ਅਧਿਕਾਰਤ ਰਿਕਾਰਡ ਤੋਂ ਹੀ ਮਿਲ ਸਕਦੇ ਹਨ।
ਜਾਂਚ ਦੀ ਦਿਸ਼ਾ ’ਤੇ ਟਿਕੀਆਂ ਨਜ਼ਰਾਂ : ਹੁਣ ਇਸ ਮਾਮਲੇ ਵਿੱਚ ਪੁਲਿਸ ਜਾਂਚ ਦੀ ਦਿਸ਼ਾ ਅਤੇ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਅਹਿਮ ਹੋਵੇਗੀ। ਇਹ ਵੀ ਦੇਖਣਾ ਹੋਵੇਗਾ ਕਿ ਕਥਿਤ ਮਾਈਨਿੰਗ ਕਿੱਥੇ ਅਤੇ ਕਿੰਨੇ ਪੱਧਰ ’ਤੇ ਹੋਈ। ਜੇਕਰ ਸਰਕਾਰੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਧਿਰਾਂ ਵਿਰੁੱਧ ਕੀ ਕਦਮ ਚੁੱਕੇ ਜਾਂਦੇ ਹਨ।
‘ਪੰਜਾਬੀ ਜਾਗਰਣ’ ਦੀ ਖ਼ੋਜ ਖ਼ਬਰ ’ਤੇ ਲੱਗੀ ਮੋਹਰ : ‘ਪੰਜਾਬੀ ਜਾਗਰਣ’ ਵੱਲੋਂ ਉਠਾਏ ਗਏ ਇਸ ਮੁੱਦੇ ’ਤੇ ਪੁਲਿਸ ਦੀ ਕਾਰਵਾਈ ਨੇ ਮਾਮਲੇ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਹੁਣ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਕੇਸ ਦਰਜ ਕਰਨ ਤੋਂ ਅੱਗੇ ਜਾਂਚ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਹੁੰਦੀ ਹੈ। ਹਾਲ ਦੀ ਘੜੀ ਥਾਣਾ ਹਰਿਆਣਾ ਦੀ ਪੁਲਿਸ ਨੇ ਮਾਈਨਿੰਗ ਇੰਸਪੈਕਟਰ ਅਮਨਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।