ਤਸਕਰੀ ਦਾ ਹੱਬ ਬਣੀ ਨਵੀਂ ਹਵੇਲੀ: ਦਸੂਹਾ ਪੁਲਿਸ ਵੱਲੋਂ ਰੇਡ, ਘਾਹ-ਫ਼ੂਸ ਦੇ ਢੇਰ ਹੇਠਾਂ ਲੁਕਾਈਆਂ 4 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਦਸੂਹਾ ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।
Publish Date: Fri, 05 Jun 2026 03:20 PM (IST)
Updated Date: Fri, 05 Jun 2026 03:22 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਦਸੂਹਾ ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।
ਨਵੀਂ ਬਣ ਰਹੀ ਹਵੇਲੀ ਦੇ ਘਾਹ-ਫ਼ੂਸ ਵਿੱਚ ਲੁਕਾ ਕੇ ਰੱਖੀਆਂ 4 ਪੇਟੀਆਂ ਸ਼ਰਾਬ ਬਰਾਮਦ
ਦਸੂਹਾ ਪੁਲਿਸ ਦੀ ਟੀਮ ਏ.ਐੱਸ.ਆਈ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਸ਼ੱਕੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਬਲੱਗਣ ਚੌਕ ਵਿਖੇ ਮੌਜੂਦ ਸੀ। ਪੁਲਿਸ ਮੁਤਾਬਕ ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਪਲਵਿੰਦਰ ਸਿੰਘ ਉਰਫ਼ ਸਾਬੀ ਪੁੱਤਰ ਜਸਵੀਰ ਸਿੰਘ, ਵਾਸੀ ਮੁਹੱਲਾ ਕੈਥਾਂ (ਦਸੂਹਾ), ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਇਸ ਵੇਲੇ ਆਪਣੇ ਘਰ ਵਿੱਚ ਮੌਜੂਦ ਹੈ ਅਤੇ ਉਸ ਕੋਲ ਸ਼ਰਾਬ ਦਾ ਵੱਡਾ ਸਟਾਕ ਪਿਆ ਹੈ।
ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਰਾਕੇਸ਼ ਕੁਮਾਰ ਨੇ ਤੁਰੰਤ ਪੁਲਿਸ ਪਾਰਟੀ ਸਮੇਤ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਸਾਬੀ ਦੇ ਘਰ ’ਤੇ ਰੇਡ ਕਰ ਦਿੱਤੀ। ਪੁਲਿਸ ਟੀਮ ਨੂੰ ਮੁਲਜ਼ਮ ਘਰ ’ਚ ਹੀ ਮੌਜੂਦ ਮਿਲ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਪਲਵਿੰਦਰ ਸਿੰਘ ਦੀ ਨਵੀਂ ਉਸਾਰੀ ਹਵੇਲੀ ਦੀ ਤਲਾਸ਼ੀ ਲਈ ਗਈ ਤਾਂ ਬੜੀ ਚਲਾਕੀ ਨਾਲ ਹਵੇਲੀ ਦੇ ਅੰਦਰ ਸੁੱਟੇ ਹੋਏ ਘਾਹ-ਫ਼ੂਸ ਦੇ ਢੇਰ ਦੇ ਹੇਠਾਂ ਛੁਪਾ ਕੇ ਰੱਖਿਆ ‘ਪੰਜਾਬ ਕਲੱਬ ਕਿੰਗ ਵਿਸਕੀ’ ਮਾਰਕਾ ਦੀਆਂ 04 ਪੇਟੀਆਂ ਨਾਜਾਇਜ਼ ਸ਼ਰਾਬ ਕਥਿਤ ਤੌਰ ’ਤੇ ਬਰਾਮਦ ਹੋਈਆਂ। ਪੁਲਿਸ ਮੁਤਾਬਕ ਇਨ੍ਹਾਂ ਪੇਟੀਆਂ ’ਚੋਂ ਕੁੱਲ 48 ਬੋਤਲਾਂ (36,000 ਐੱਮ.ਐੱਲ.) ਸ਼ਰਾਬ ਬਰਾਮਦ ਕੀਤੀ ਗਈ ਹੈ।
ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ, ਅਗਲੇਰੀ ਜਾਂਚ ਸ਼ੁਰੂ
ਦਸੂਹਾ ਪੁਲਿਸ ਨੇ ਬਰਾਮਦ ਕੀਤੀ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਸਾਬੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਦਸੂਹਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।