ਗੁਰਦਾਸ ਮਾਨ ਦੀ ਸੁਰਮਈ ਗਾਇਕੀ ਨੇ ਬੰਨ੍ਹਿਆ ਸਮਾਂ, 'ਨੇਚਰ ਫੈਸਟ 2026' ਦੀਆਂ ਪਈਆਂ ਧੂਮਾਂ
ਹੁਸ਼ਿਆਰਪੁਰ 'ਚ ਗੁਰਦਾਸ ਮਾਨ ਦੀ ਸੁਰਮਈ ਗਾਇਕੀ ਨੇ ਬੰਨ੍ਹਿਆ ਸਮਾਂ, 'ਨੇਚਰ ਫੈਸਟ 2026' ਦੀਆਂ ਪਈਆਂ ਧੂਮਾਂ
Publish Date: Wed, 18 Feb 2026 04:45 PM (IST)
Updated Date: Thu, 19 Feb 2026 04:04 AM (IST)

ਮੇਲੇ ਦੇ ਆਖਰੀ ਦਿਨ ਰਿਹਾ ਸੱਭਿਆਚਾਰ ਤੇ ਮਨੋਰੰਜਨ ਦਾ ਸ਼ਾਨਦਾਰ ਸੰਗਮ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਨੇਚਰ ਫੈਸਟ-2026 ਤੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਆਖਰੀ ਦਿਨ ਸ਼ਹਿਰ ਵਿੱਚ ਉਤਸ਼ਾਹ, ਸੱਭਿਆਚਾਰ ਅਤੇ ਮਨੋਰੰਜਨ ਦਾ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਪੰਜ ਦਿਨਾਂ ਤੱਕ ਚੱਲੇ ਇਸ ਮੇਲੇ ਦੀ ਸਮਾਪਤੀ ਇੱਕ ਸ਼ਾਨਦਾਰ ਸਟਾਰ ਨਾਈਟ ਨਾਲ ਹੋਈ, ਜਿਸ ਨੇ ਦਰਸ਼ਕਾਂ ਨੂੰ ਲੰਮੇ ਸਮੇਂ ਤੱਕ ਯਾਦ ਰਹਿਣ ਵਾਲਾ ਅਨੁਭਵ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਸਾਈਕਲੋਥੋਨ ਨਾਲ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਭਾਗ ਲਿਆ। ਇਸ ਰਾਹੀਂ ਪ੍ਰਕ੍ਰਿਤੀ ਸੰਰਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੁਨੇਹਾ ਦਿੱਤਾ ਗਿਆ। ਮੇਲੇ ਦੀ ਸਭ ਤੋਂ ਵੱਡੀ ਖਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸੁਰਮਈ ਪੇਸ਼ਕਾਰੀ ਰਹੀ। ਉਨ੍ਹਾਂ ਨੇ ਆਪਣੀ ਜਾਦੂਈ ਆਵਾਜ਼ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਮੋਹ ਲਿਆ। ਜਿਵੇਂ ਹੀ ਉਨ੍ਹਾਂ ਨੇ ਆਪਣੇ ਮਸ਼ਹੂਰ ਗੀਤ ‘ਛੱਲਾ’, ‘ਦਿਲ ਦਾ ਮਾਮਲਾ ਹੈ’ ਸਮੇਤ ਹੋਰ ਲੋਕਪ੍ਰਿਯ ਗੀਤ ਗਾਏ, ਪੂਰਾ ਪੰਡਾਲ ਤਾੜੀਆਂ ਅਤੇ ਜੋਸ਼ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਗੀਤਾਂ ‘ਤੇ ਝੂਮ ਕੇ ਅਤੇ ਨੱਚ ਕੇ ਸਮਾਗਮ ਨੂੰ ਹੋਰ ਰੰਗੀਨ ਬਣਾ ਦਿੱਤਾ। ਗੁਰਦਾਸ ਮਾਨ ਦੀ ਭਾਵਪੂਰਨ ਗਾਇਕੀ ਨੇ ਦਰਸ਼ਕਾਂ ਨੂੰ ਦੇਰ ਰਾਤ ਤੱਕ ਪ੍ਰੋਗਰਾਮ ਨਾਲ ਜੋੜ ਕੇ ਰੱਖਿਆ। ਇਸ ਮੌਕੇ ਬ੍ਰਮ ਸ਼ੰਕਰ ਜਿੰਪਾ, ਜਸਵੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ ਅਤੇ ਇਸ਼ਾਂਕ ਕੁਮਾਰ ਸਮੇਤ ਕਈ ਜਨ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਨਾਲ ਹੀ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਨਾ ਸਿਰਫ਼ ਪੰਜਾਬ ਦੀ ਧਰਤੀ ਦੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਦੇ ਹਨ, ਸਗੋਂ ਲੋਕਾਂ ਨੂੰ ਇੱਕਤਾ ਦੇ ਧਾਗੇ ਵਿੱਚ ਵੀ ਜੋੜਦੇ ਹਨ। ਮੇਲੇ ਦੌਰਾਨ ਫਿਲਮ ‘ਬੰਬੂਕਾਟ-2’ ਦੀ ਸਟਾਰਕਾਸਟ ਵੀ ਦਰਸ਼ਕਾਂ ਨਾਲ ਰੂ-ਬ-ਰੂ ਹੋਈ। ਅਦਾਕਾਰ-ਗਾਇਕ ਐਮੀ ਵਿਰਕ ਤੇ ਮਸ਼ਹੂਰ ਅਦਾਕਾਰ ਬੀਨੂ ਢਿੱਲੋਂ ਨੇ ਦਰਸ਼ਕਾਂ ਨਾਲ ਗੱਲਬਾਤ ਕਰ ਕੇ ਮਾਹੌਲ ਨੂੰ ਹੋਰ ਵੀ ਉਤਸ਼ਾਹਪੂਰਣ ਬਣਾ ਦਿੱਤਾ। ਕਲਾਕਾਰਾਂ ਦੀ ਇਕ ਝਲਕ ਪਾਉਣ ਲਈ ਦਰਸ਼ਕਾਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਮੌਕੇ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਧੀਕ ਡਿਪਟੀ ਕਮਿਸ਼ਨਰ, ਐਸਡੀਐਮਜ਼, ਨਗਰ ਨਿਗਮ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਵੀ ਹਾਜ਼ਰ ਸਨ। ਮੇਲੇ ਦੀ ਸਮਾਪਤੀ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਇਹ ਸਮਾਗਮ ਲੋਕਾਂ ਲਈ ਇੱਕ ਯਾਦਗਾਰ ਤਜਰਬਾ ਬਣ ਗਿਆ।