ਵਿਧਾਇਕ ਰਾਜਾ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਸ਼ਾ ਨਾ ਵੇਚਣ ਦੀ ਚੁਕਾਈ ਸਹੁੰ ਵਿਧਾਇਕ ਰਾਜਾ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਸ਼ਾ ਨਾ ਵੇਚਣ ਦੀ ਚੁਕਾਈ ਸੌਂਹ
Publish Date: Sat, 24 Oct 2026 04:40 PM (IST)
Updated Date: Sat, 24 Oct 2026 04:43 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸਿਵਲ ਹਸਪਤਾਲ ਟਾਂਡਾ ਵਿਖੇ ਸੀਐੱਮਓ ਡਾ. ਜਤਿੰਦਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਮੈਡੀਕਲ ਸਟੋਰ ਸੰਚਾਲਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਐੱਸਐੱਚਓ ਅਮਰਜੀਤ ਕੌਰ ਵੀ ਮੌਜੂਦ ਸਨ। ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ, ਖ਼ਾਸ ਕਰਕੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਗੋਲੀਆਂ ਤੇ ਕੈਪਸੂਲ ਨਾ ਵੇਚਣ ਦੀ ਅਪੀਲ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਨਸ਼ਾ ਛੁਡਾਊ ਇਲਾਜ ਅਧੀਨ ਮਰੀਜ਼ਾਂ ਨੂੰ ਦਵਾਈ ਹਸਪਤਾਲ ਵਿੱਚ ਹੀ ਦਿੱਤੀ ਜਾਵੇਗੀ, ਤਾਂ ਜੋ ਦੁਰਵਰਤੋਂ ਰੋਕੀ ਜਾ ਸਕੇ। ਡਰੱਗ ਇੰਸਪੈਕਟਰ ਨੂੰ ਦਵਾਈਆਂ ਦੇ ਸਟਾਕ ਅਤੇ ਵਿਕਰੀ ਦੇ ਰਿਕਾਰਡ ਦੀ ਜਾਂਚ ਕਰਨ ਲਈ ਕਿਹਾ ਗਿਆ। ਐੱਸਐੱਚਓ ਨੇ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਚਾਲੂ ਰੱਖਣ ਅਤੇ ਘੱਟੋ-ਘੱਟ ਇੱਕ ਮਹੀਨੇ ਦੀ ਰਿਕਾਰਡਿੰਗ ਸੰਭਾਲਣ ਦੀ ਹਦਾਇਤ ਕੀਤੀ। ਮੈਡੀਕਲ ਸਟੋਰ ਸੰਚਾਲਕਾਂ ਨੇ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਅਵਤਾਰ ਸਿੰਘ, ਡਾ. ਕਰਤਾਰ ਸਿੰਘ, ਡਾ. ਗੌਰਵ, ਡਾ. ਬਲਜੀਤ ਕੌਰ, ਡਾ. ਵਿਨੋਦ ਕੁਮਾਰ, ਏਐੱਸਆਈ ਵਿਕਾਸ ਮਹਿਤਾ, ਹੌਲਦਾਰ ਜਸਪ੍ਰੀਤ ਸਿੰਘ ਜੱਸੀ, ਸਿਵਲ ਹਸਪਤਾਲ ਦਾ ਸਟਾਫ਼ ਅਤੇ ਸ਼ਹਿਰ ਦੇ ਮੈਡੀਕਲ ਸਟੋਰ ਸੰਚਾਲਕ ਮੌਜੂਦ ਸਨ।