- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰਾਜਾ ਨੇ ਕੀਤਾ ਹਾਈਵੇ ਨਾਈਟ ਲਾਈਟਾਂ ਦਾ ਉਦਘਾਟਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸੰਤ ਬਾਬਾ ਨਰੇਸ਼ ਗਿਰੀ ਦੀ ਸਰਪ੍ਰਸਤੀ ਹੇਠ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟਾਂਡਾ ਸ਼ਹਿਰ ਦੀ ਕਰੀਬ ਢਾਈ ਕਿਲੋਮੀਟਰ ਹਦੂਦ ਵਿੱਚ ਲੱਗੀਆਂ ਨਾਈਟ ਲਾਈਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਅਤੇ ਵਿਧਾਇਕ ਦੀ ਧਰਮਪਤਨੀ ਰਮਨਦੀਪ ਕੌਰ ਗਿੱਲ ਵੀ ਮੌਜੂਦ ਸਨ। ਸੰਤਾਂ ਨੇ ਸਵਿੱਚ ਆਨ ਕਰ ਕੇ ਲਾਈਟਾਂ ਰੌਸ਼ਨ ਕੀਤੀਆਂ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਹਾਈਵੇ ’ਤੇ ਲਾਈਟਾਂ ਲਗਾਉਣ ਦੀ ਮੰਗ ਸੀ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟ ਜਾਰੀ ਕਰਵਾਈ ਗਈ। ਕਰੀਬ 1 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਇਨ੍ਹਾਂ ਲਾਈਟਾਂ ਨਾਲ ਰਾਤ ਸਮੇਂ ਆਵਾਜਾਈ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਸਹੂਲਤ ਮਿਲੇਗੀ।