ਵਿਧਾਇਕ ਰਾਜਾ ਨੇ ਕੀਤਾ ਹਾਈਵੇ ਨਾਈਟ ਲਾਈਟਾਂ ਦਾ ਉਦਘਾਟਨ ਵਿਧਾਇਕ ਰਾਜਾ ਨੇ ਕੀਤਾ ਹਾਈਵੇ ਨਾਈਟ ਲਾਈਟਾਂ ਦਾ ਉਦਘਾਟਨ
Publish Date: Sat, 24 Oct 2026 04:33 PM (IST)
Updated Date: Sat, 24 Oct 2026 04:34 PM (IST)
ਵਿਧਾਇਕ ਰਾਜਾ ਨੇ ਕੀਤਾ ਹਾਈਵੇ ਨਾਈਟ ਲਾਈਟਾਂ ਦਾ ਉਦਘਾਟਨ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸੰਤ ਬਾਬਾ ਨਰੇਸ਼ ਗਿਰੀ ਦੀ ਸਰਪ੍ਰਸਤੀ ਹੇਠ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟਾਂਡਾ ਸ਼ਹਿਰ ਦੀ ਕਰੀਬ ਢਾਈ ਕਿਲੋਮੀਟਰ ਹਦੂਦ ਵਿੱਚ ਲੱਗੀਆਂ ਨਾਈਟ ਲਾਈਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਅਤੇ ਵਿਧਾਇਕ ਦੀ ਧਰਮਪਤਨੀ ਰਮਨਦੀਪ ਕੌਰ ਗਿੱਲ ਵੀ ਮੌਜੂਦ ਸਨ। ਸੰਤਾਂ ਨੇ ਸਵਿੱਚ ਆਨ ਕਰਕੇ ਲਾਈਟਾਂ ਰੌਸ਼ਨ ਕੀਤੀਆਂ। ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਹਾਈਵੇ ’ਤੇ ਲਾਈਟਾਂ ਲਗਾਉਣ ਦੀ ਮੰਗ ਸੀ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟ ਜਾਰੀ ਕਰਵਾਈ ਗਈ। ਕਰੀਬ 1 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਇਨ੍ਹਾਂ ਲਾਈਟਾਂ ਨਾਲ ਰਾਤ ਸਮੇਂ ਆਵਾਜਾਈ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਟਾਂਡਾ ਨੂੰ ਸਮਾਰਟ ਸਿਟੀ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ ਅਤੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰੀਕ੍ਰਿਸ਼ਨ ਕੁੱਕੂ ਸੈਣੀ, ਈਓ ਵਿਜੇ ਡੋਗਰਾ, ਡੀਐੱਸਪੀ ਦਵਿੰਦਰ ਸਿੰਘ ਬਾਜਵਾ, ਐੱਸਐੱਚਓ ਅਮਰਜੀਤ ਕੌਰ, ਕੇਸ਼ਵ ਸਿੰਘ ਸੈਣੀ, ਸੁਖਵਿੰਦਰਜੀਤ ਸਿੰਘ ਝਾਵਰ, ਪਰਮਿੰਦਰ ਕੌਰ ਘੁੰਮਣ, ਮਨਜੀਤ ਕੌਰ, ਗੁਰਬਖਸ਼ ਕੌਰ, ਸੇਠਰਾਮ ਸੇਠੀ, ਲਖਵਿੰਦਰ ਸਿੰਘ ਸੇਠੀ, ਲਖਵਿੰਦਰ ਸਿੰਘ ਮੁਲਤਾਨੀ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।