ਛੱਪੜ ਦੀ ਸਫਾਈ ਲਈ ਬਣਿਆ 40 ਲੱਖ ਦਾ ਬਿੱਲ, ਗਿਲਜੀਆਂ ਵੱਲੋਂ ਘਪਲੇ ਦਾ ਦੋਸ਼ ਪਿੰਡ ਮਿਆਣੀ ਦੇ ਛੱਪੜ ਦੀ ਸਫਾਈ ਲਈ ਬਣਿਆ 40 ਲੱਖ ਦਾ ਬਿੱਲ
Publish Date: Wed, 18 Nov 2026 04:51 PM (IST)
Updated Date: Wed, 18 Nov 2026 04:54 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪਿੰਡ ਮਿਆਣੀ ਵਿਚ ਛੱਪੜ ਦੀ ਸਫਾਈ ਲਈ ਸਰਕਾਰ ਨੇ 40 ਲੱਖ ਰੁਪਏ ਦਾ ਬਿੱਲ ਬਣਾਇਆ ਹੈ ਅਤੇ ਇਸ ਵਿੱਚੋਂ ਲੱਖਾਂ ਰੁਪਏ ਦੀ ਅਦਾਇਗੀ ਵੀ ਹੋ ਗਈ ਹੈ। ਜਦਕਿ ਛੱਪੜ ਦੀ ਸਫਾਈ ਅਜੇ ਵੀ ਅਧੂਰੀ ਹੈ । ਇਹ ਖੁਲਾਸਾ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅਤੇ ਪਿੰਡ ਵਾਸੀਆਂ ਨੇ ਇਸ ਸਾਰੇ ਕੰਮ ਵਿਚ ਵੱਡੇ ਘਪਲੇ ਦਾ ਦਾ ਦੋਸ਼ ਲਾਇਆ ਹੈ । ਵੱਡੀ ਗਿਣਤੀ ਵਿਚ ਇਕੱਤਰ ਹੋਏ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਸਾਬਕਾ ਮੰਤਰੀ ਗਿਲਜੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਮੁਤਾਬਿਕ ਛੱਪੜ ਦੇ ਤਿੰਨ ਹਿੱਸਿਆਂ ਦੀ ਸਫਾਈ ਲਈ ਪੰਚਾਇਤ ਦੇ ਪ੍ਰਬੰਧਕ ਅਤੇ ਸੈਕਟਰੀ ਵੱਲੋਂ ਪ੍ਰਾਈਵੇਟ ਵੈਂਡਰ ਰਾਹੀਂ ਕੰਮ ਕਰਵਾਇਆ ਗਿਆ। ਜਿਸ ਲਈ ਲਗਭਗ 40 ਲੱਖ ਰੁਪਏ ਦੇ ਬਿੱਲ ਬਣਾਏ ਗਏ ਹਨ ਪਰੰਤੂ ਜਦੋ ਛੱਪੜ ਦੀ ਸਫਾਈ ਵੀ ਅਧੂਰੀ ਵੇਖ ਅਤੇ ਕੰਮ ਦੇ ਹਿਸਾਬ ਨਾਲ ਬਣਾਏ ਬੇਹੱਦ ਵੱਡੇ ਬਿੱਲ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਜੋ ਜਾਣਕਾਰੀ ਇਕੱਤਰ ਕੀਤੀ ਉਸ ਨਾਲ ਹੈਰਾਨੀਜਨਕ ਲੁੱਟ ਦੀ ਗੱਲ ਸਾਹਮਣੇ ਆਈ ਹੈ । ਉਨ੍ਹਾਂ ਦੱਸਿਆ ਕਿ ਪ੍ਰਬੰਧਕ ਵੱਲੋਂ 16 ਲੱਖ ਰੁਪਏ ਦੀ ਅਦਾਇਗੀ ਕਰਨ ਉਪਰੰਤ ਹੁਣ ਪੰਚਾਇਤ ਨੂੰ ਚਾਰਜ ਮਿਲਣ ਉਪਰੰਤ ਸਰਪੰਚ ਗੁਰਪ੍ਰੀਤ ਸਿੰਘ ਉੱਤੇ ਅਦਾਇਗੀ ਲਈ ਰਾਜਨੀਤਿਕ ਦਬਾਅ ਬਣਾਇਆ ਜਾ ਰਿਹਾ ਹੈ । ਉਨ੍ਹਾਂ ਆਖਿਆ ਕਿ ਵੱਡੀ ਅਬਾਦੀ ਵਾਲੇ ਪਿੰਡ ਮਿਆਣੀ ਲਈ ਇਸ ਸਰਕਾਰ ਨੇ ਪੌਣੇ ਪੰਜ ਸਾਲ ਵਿਚ ਰੰਗਲੇ ਪੰਜਾਬ ਤਹਿਤ ਮਹਿਜ 11.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਅਤੇ ਛੱਪੜ ਦੀ ਸਫਾਈ ਦੇ ਨਾਮ ਤੇ ਫਾਇਨੈਂਸ ਕਮਿਸ਼ਨ ਦੇ ਫ਼ੰਡ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਰੇ ਗੋਰਖਧੰਦੇ ਦੌਰਾਨ ਪੰਚਾਇਤ ਦੇ ਰਿਕਾਰਡ ਨਾਲ ਛੇੜਛਾੜ ਕਰਨ ਦੀ ਵੀ ਜਾਣਕਾਰੀ ਉਨ੍ਹਾਂ ਕੋਲ ਆਈ ਹੈ। ਉਨ੍ਹਾਂ ਆਖਿਆ ਕਿ ਵੱਡੇ ਬਿੱਲ ਦੇ ਬਾਵਜ਼ੂਦ ਛੱਪੜ ਦੀ ਬਲਾਕੇਜ ਅਤੇ ਦੁਰਦਸ਼ਾ ਬਣੀ ਹੋਈ ਹੈ। ਇਸ ਮੌਕੇ ਜਿਲਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਸੰਬੰਧਿਤ ਪੰਚਾਇਤ ਸੈਕਟਰੀ ਉੱਤੇ ਰਿਕਾਰਡ ਨਾਲ ਛੇੜਛਾੜ ਕਰਕੇ ਜਾਅਲੀ ਬਿੱਲਾ ਦੇ ਨਾਮ ਤੇ ਰਕਮ ਕਢਾਉਣ ਦਾ ਦੋਸ਼ ਲਾਇਆ । ਉਨ੍ਹਾਂ ਦੱਸਿਆ ਕਿ ਇਸ ਸੈਕਟਰੀ ਵੱਲੋਂ ਇਸ ਪਿੰਡ ਅਤੇ ਹੋਰਨਾਂ ਪਿੰਡਾਂ ਵਿਚ ਵੀ ਅਜਿਹਾ ਕਾਰਨਾਮਾ ਕੀਤਾ ਗਿਆ ਹੈ । ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ । ਇਸ ਬਾਰੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਮ ਪ੍ਰਬੰਧਕ ਵੱਲੋਂ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਅਦਾਇਗੀ ਲਈ ਕਿਹਾ ਜਾ ਰਿਹਾ ਹੈ ਪਰੰਤੂ ਉਸਨੇ ਪਹਿਲਾਂ ਬਿੱਲਾ ਦੀ ਮੰਗ ਕੀਤੀ ਹੈ। ਇਸ ਬਾਰੇ ਬੀ. ਡੀ. ਪੀ. ਓ. ਟਾਂਡਾ ਵਿਪਨ ਕੁਮਾਰ ਨੇ ਦੱਸਿਆ ਕਿ ਛੱਪੜ ਦੀ ਸਫਾਈ ਕਰਨ ਵਾਲੇ ਪ੍ਰਾਈਵੇਟ ਵੈਂਡਰ ਵੱਲੋਂ ਦਫਤਰ ਵਿਚ ਵੱਡੀ ਰਕਮ ਲੈਣ ਸੰਬੰਧੀ ਦਰਖ਼ਾਸਤ ਦਿੱਤੀ ਗਈ ਜਿਸ ਲਈ ਉਨ੍ਹਾਂ ਸੈਕਟਰੀ ਅਤੇ ਪੰਚਾਇਤ ਕੋਲੋਂ ਰਿਕਾਰਡ ਮੰਗਿਆ ਹੈ ਅਤੇ ਜਾਂਚ ਕਰਕੇ ਹੀ ਕੋਈ ਅਦਾਇਗੀ ਹੋਵੇਗੀ । ਗੱਲਬਾਤ ਦੌਰਾਨ ਉਨ੍ਹਾਂ 12 ਲੱਖ ਰੁਪਏ ਦੀ ਅਦਾਇਗੀ ਹੋਣ ਦੀ ਪੁਸ਼ਟੀ ਕੀਤੀ ਹੈ।