ਸੋਸ਼ਲ ਮੀਡੀਆ 'ਤੇ ਦੋਸਤੀ ਦਾ ਖ਼ੌਫ਼ਨਾਕ ਅੰਤ: ਇੰਸਟਾਗ੍ਰਾਮ ਰਾਹੀਂ ਜਾਲ਼ ’ਚ ਫਸਾ ਕੇ ਨਾਬਾਲਗ ਲੜਕੀ ਨਾਲ ਜਬਰ-ਜਨਾਹ, ਮੁਲਜ਼ਮ ਫ਼ਰਾਰ
ਹੁਸ਼ਿਆਰਪੁਰ ਦੇ ਪੁਰਹੀਰਾਂ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਇੱਕ ਇਲਾਕੇ ਵਿੱਚ ਇੱਕ 14 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Fri, 05 Jun 2026 03:04 PM (IST)
Updated Date: Fri, 05 Jun 2026 03:06 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਪੁਰਹੀਰਾਂ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਇੱਕ ਇਲਾਕੇ ਵਿੱਚ ਇੱਕ 14 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਨੌਵੀਂ ਜਮਾਤ ਵਿੱਚ ਪੜ੍ਹਦੀ ਪੀੜਤਾ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ (ਇੰਸਟਾਗ੍ਰਾਮ) ਰਾਹੀਂ ਮੁਲਜ਼ਮ ਨਾਲ ਦੋਸਤੀ ਹੋਈ ਸੀ, ਜਿਸ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਆਨਲਾਈਨ ਗੱਲਬਾਤ ਕਰਦੇ ਸਨ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਗਲੀ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿੱਥੇ ਲੜਕੀ ਰਹਿੰਦੀ ਸੀ।
ਪੁਲਿਸ ਨੇ ਦੱਸਿਆ ਕਿ 20 ਮਈ ਨੂੰ ਜਦੋਂ ਲੜਕੀ ਦੇ ਮਾਤਾ-ਪਿਤਾ ਕੰਮ ’ਤੇ ਗਏ ਹੋਏ ਸਨ ਤਾਂ ਮੁਲਜ਼ਮ ਕਥਿਤ ਤੌਰ ’ਤੇ ਲੜਕੀ ਦੇ ਘਰ ਆਇਆ ਅਤੇ ਉਸ ਨੂੰ ਵਰਗਲਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ।
ਉਹ ਉਸ ਨੂੰ ਇਲਾਕੇ ਦੇ ਹੀ ਇੱਕ ਸੁੰਨਸਾਨ ਕਮਰੇ ’ਚ ਲੈ ਗਿਆ, ਜਿੱਥੇ ਉਸ ਨੇ ਲੜਕੀ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ।
ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਪੁਲਿਸ ਨੇ ਦੀਪਕ ਕੁਮਾਰ ਖ਼ਿਲਾਫ਼ ਬੀਤੇ ਦਿਨ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਓਫੈਂਸਿਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਜਸਵੀਰ ਕੌਰ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।