ਹਲਕੇ ਦੇ ਪਿੰਡਾਂ ’ਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ ਹਲਕੇ ਦੇ ਪਿੰਡਾਂ ਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ
Publish Date: Tue, 27 Oct 2026 06:26 PM (IST)
Updated Date: Tue, 27 Oct 2026 06:28 PM (IST)
ਮਨਾਹੀ ਦੇ ਬਾਵਜੂਦ 10 ਤੋਂ 15 ਫੁੱਟ ਤੱਕ ਪੁੱਟੀ ਜਾ ਰਹੀ ਹੈ ਮਿੱਟੀ ਫੂਲਾ ਸਿੰਘ ਪੰਜਾਬੀ ਜਾਗਰਣ ਗੜ੍ਹਸ਼ੰਕਰ : ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਸ ਦੇ ਉਲਟ ਹੈ। ਹਲਕਾ ਗੜ੍ਹਸ਼ੰਕਰ ਅੰਦਰ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਮਾਈਨਿੰਗ ਨੇ ਵੱਡੇ ਪੱਧਰ ਤੇ ਪੈਰ ਪਸਾਰੇ ਹੋਏ ਹਨ ਅਤੇ ਲਗਾਤਾਰ ਕਾਰਵਾਈਆਂ ਦੇ ਦਾਅਵਿਆਂ ਦੇ ਬਾਵਜੂਦ ਵੀ ਇਸ ਦੇ ਕੰਮ ਵਿੱਚ ਕੋਈ ਕਮੀ ਨਹੀਂ ਆਈ ਹੈ।ਇਲਾਕੇ ਦੀਆਂ ਕਈ ਥਾਵਾਂ ਤੇ ਅੱਜ ਵੀ ਸਰੇਆਮ ਨਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। ਹਲਕੇ ਅੰਦਰ ਸਭ ਤੋਂ ਵੱਧ ਮਿੱਟੀ ਦੀ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲ ਰਿਹਾ ਹੈ। ਸਥਾਨਕ ਇਲਾਕੇ ਵਿੱਚ ਅੱਜ ਵੀ ਅਜਿਹੀਆਂ ਕਈ ਥਾਵਾਂ ਨਜ਼ਰ ਆਉਂਦੀਆਂ ਹਨ, ਜਿੱਥੋਂ 15 ਤੋਂ 20 ਫੁੱਟ ਤੱਕ ਮਿੱਟੀ ਪੁੱਟੀ ਗਈ ਹੈ। ਕੁਦਰਤੀ ਵਾਤਾਵਰਨ ਨਾਲ ਹੋ ਰਹੀ ਇਸ ਖਿਲਵਾੜ ਕਾਰਨ ਜਿਥੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਹਲਕੇ ਦੇ ਪਿੰਡ ਹਾਜੀਪੁਰ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਨਜਾਇਜ਼ ਮਾਈਨਿੰਗ ਚਲ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਰਾਤ ਦੇ ਹਨੇਰੇ ਵਿੱਚ ਜੇਸੀਬੀ ਮਸ਼ੀਨਾਂ ਨਾਲ ਮਿੱਟੀ ਚੁੱਕ ਕੇ ਬਾਹਰ ਵੇਚੀ ਜਾ ਰਹੀ ਹੈ, ਪਰ ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ। ਇਸ ਸਬੰਧੀ ਜਦੋਂ ਵਿਭਾਗ ਦੇ ਜੇ.ਈ ਲਵਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਜਲਦੀ ਹੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਨਜਾਇਜ਼ ਮਾਈਨਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਹਾੜੀ ਖੇਤਰ ਵਿੱਚ ਵੀ ਅੱਜ ਤੱਕ ਨਜਾਇਜ਼ ਮਾਈਨਿੰਗ ਲਗਾਤਾਰ ਹੋ ਰਹੀ ਹੈ, ਜਿਸ ਨਾਲ ਕੁਦਰਤੀ ਸੋਮਿਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਉੱਥੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ।