ਸੀਬੀਆਈ ਜਾਂਚ ਦੇ ਬਾਵਜੂਦ ਓਵਰਲੋਡ ਟਿੱਪਰਾਂ ਦੀ ਦਹਿਸ਼ਤ ਬਰਕਰਾਰ ਸੀਬੀਆਈ ਜਾਂਚ ਦੇ ਬਾਵਜੂਦ ਓਵਰਲੋਡ ਟਿੱਪਰਾਂ ਦੀ ਦਹਿਸ਼ਤ ਬਰਕਰਾਰ,
Publish Date: Sat, 24 Oct 2026 06:36 PM (IST)
Updated Date: Sat, 24 Oct 2026 06:40 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਵੱਲੋਂ ਮੁਕੇਰੀਆਂ ਦੇ ਹਾਜੀਪੁਰ ਅਤੇ ਤਲਵਾੜਾ ਖੇਤਰਾਂ ਵਿੱਚ ਕਥਿਤ ਗੈਰ-ਕਾਨੂੰਨੀ ਮਾਈਨਿੰਗ, ਪ੍ਰਭਾਵਿਤ ਪਿੰਡਾਂ ਅਤੇ ਸਟੋਨ ਕਰੱਸ਼ਰਾਂ ਦੀਆਂ ਗਤੀਵਿਧੀਆਂ ਦੀ ਜਾਂਚ ਤੇਜ਼ ਕੀਤੇ ਜਾਣ ਦੇ ਬਾਵਜੂਦ ਓਵਰਲੋਡ ਟਿੱਪਰਾਂ ਦੀ ਆਵਾਜਾਈ ’ਤੇ ਪ੍ਰਭਾਵਸ਼ਾਲੀ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ। ਇਸ ਦੀ ਤਾਜ਼ਾ ਮਿਸਾਲ ਮੁਕੇਰੀਆਂ ਹਾਈਡਲ ਨਹਿਰ ਨੇੜੇ ਸਥਿਤ ਚਰਚਿਤ ਆਰਡੀ-8880 ਪੁਲ ਕੋਲ ਸਾਹਮਣੇ ਆਈ, ਜਿੱਥੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆ ਰਿਹਾ ਇੱਕ ਓਵਰਲੋਡ ਟਿੱਪਰ ਪਲਟ ਗਿਆ। ਇਸ ਘਟਨਾ ਨੇ ਰਾਤ ਸਮੇਂ ਭਾਰੀ ਵਾਹਨਾਂ ਦੀ ਆਵਾਜਾਈ, ਪ੍ਰਸ਼ਾਸਨਿਕ ਨਿਗਰਾਨੀ ਅਤੇ ਨਹਿਰੀ ਢਾਂਚੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮੌਕੇ ’ਤੇ ਕਾਂਗਰਸ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਉਲਾਹਾ ਨੇ ਦੋਸ਼ ਲਾਇਆ ਕਿ ਹਾਜੀਪੁਰ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਕਥਿਤ ਤੌਰ ’ਤੇ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਖੇਤੀਯੋਗ ਜ਼ਮੀਨਾਂ ਦੀ 150 ਫੁੱਟ ਤੱਕ ਡੂੰਘੀ ਖੁਦਾਈ ਕੀਤੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕੁਦਰਤੀ ਖੱਡਾਂ ਦੀ ਅਣਹੋਂਦ ਦੇ ਬਾਵਜੂਦ ਪਿਛਲੇ ਲਗਭਗ 15 ਸਾਲਾਂ ਤੋਂ ਮਾਈਨਿੰਗ ਗਤੀਵਿਧੀਆਂ ਰਾਹੀਂ ਜ਼ਮੀਨੀ ਸਰੋਤਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਰਿਹਾ ਹੈ। ਆਗੂਆਂ ਅਨੁਸਾਰ, ਹਾਜੀਪੁਰ ਅਤੇ ਤਲਵਾੜਾ ਖੇਤਰ ਵਿੱਚ ਮਾਈਨਿੰਗ ਕਾਰੋਬਾਰ ਅਤੇ ਕਰੱਸ਼ਰਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀਆਂ ਤੇ ਜਾਂਚ ਦੇ ਮੱਦੇਨਜ਼ਰ ਹੁਣ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵੱਲ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਵਧਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਹੱਦੀ ਪਿੰਡ ਠਾਕੁਰ ਬੇਲਾ ਦੇ ਸਟੋਨ ਕਰੱਸ਼ਰਾਂ ਤੋਂ ਸਮੱਗਰੀ ਲੈ ਕੇ ਆਉਣ ਵਾਲੇ ਭਾਰੀ ਵਾਹਨ ਮੁਕੇਰੀਆਂ ਹਾਈਡਲ ਨਹਿਰ ਦੇ ਕੰਢੇ ਬੰਦ ਕੀਤੇ ਰਸਤਿਆਂ ’ਤੇ ਪ੍ਰਸ਼ਾਸਨ ਵੱਲੋਂ ਪੁੱਟੇ ਟੋਇਆਂ ਨੂੰ ਪੂਰ ਕੇ ਲੰਘ ਰਹੇ ਹਨ। ਉਨ੍ਹਾਂ ਮੁਤਾਬਕ, ਕਾਨੂੰਨੀ ਕਾਰਵਾਈ ਤੋਂ ਬਚਣ ਲਈ ਰਾਤ ਸਮੇਂ ਟਿੱਪਰਾਂ ਦੀ ਆਵਾਜਾਈ ਵਿੱਚ ਵੀ ਵਾਧਾ ਹੋਇਆ ਹੈ। ਪੁਲ ਨੂੰ ਨੁਕਸਾਨ, ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਉਨ੍ਹਾਂ ਦੱਸਿਆ ਕਿ ਆਰਡੀਪੁਲ ਨਹਿਰ ਦੀ ਪਟੜੀ ਨੂੰ ਮੁਕੇਰੀਆਂ-ਤਲਵਾੜਾ ਸੰਪਰਕ ਸੜਕ ਨਾਲ ਜੋੜਦਾ ਹੈ ਅਤੇ ਇਸ ਦਾ ਨਿਰਮਾਣ ਮੁਕੇਰੀਆਂ ਹਾਈਡਲ ਚੈਨਲ ਦੇ ਨਿਰੀਖਣ ਲਈ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ, ਵਿਭਾਗ ਵੱਲੋਂ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਮਨਾਹੀ ਹੋਣ ਅਤੇ ਉਲੰਘਣਾ ਦੀ ਸੂਰਤ ਵਿੱਚ ਕਾਰਵਾਈ ਤੇ ਜੁਰਮਾਨੇ ਸਬੰਧੀ ਬੋਰਡ ਵੀ ਲਗਾਇਆ ਗਿਆ ਹੈ। ਇਸ ਦੇ ਬਾਵਜੂਦ ਮਾਈਨਿੰਗ ਸਮੱਗਰੀ ਨਾਲ ਲੱਦੇ ਟਿੱਪਰਾਂ ਦੀ ਆਵਾਜਾਈ ਜਾਰੀ ਹਨ। ਉਨ੍ਹਾਂ ਪੁਲ ਦੀ ਸੰਰਚਨਾਤਮਕ ਸੁਰੱਖਿਆ ਨੂੰ ਨੁਕਸਾਨ ਅਤੇ 225 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ। ਹਿਮਾਚਲ ਤੋਂ ਪੰਜਾਬ ਲਿਆਂਦੀ ਜਾ ਰਹੀ ਉਸਾਰੀ ਸਮੱਗਰੀ ਦੇ ਬਿੱਲਾਂ ਅਤੇ ਟੈਕਸਾਂ ਵਿੱਚ ਕਥਿਤ ਬੇਨਿਯਮੀਆਂ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ । ਪੱਕਾ ਪੁਲਿਸ ਨਾਕਾ ਲਗਾਉਣ ਦੀ ਮੰਗ ਆਗੂਆਂ ਨੇ ਐੱਸਡੀਐੱਮ ਮੁਕੇਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਪੁਲਿਸ ਪ੍ਰਸ਼ਾਸਨ ਨੂੰ ਪੱਕਾ ਨਾਕਾ ਲਗਾਉਣ ਦੀ ਹਦਾਇਤ ਦਿੱਤੀ ਗਈ ਸੀ, ਪਰ ਇਸ ’ਤੇ ਅਜੇ ਤੱਕ ਅਮਲ ਨਹੀਂ ਹੋ ਸਕਿਆ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਰੋਕਣ ਅਤੇ ਪੁਲ ਦੀ ਸੁਰੱਖਿਆ ਨੂੰ ਲਈ ਪੁਲਿਸ ਨਾਕਾ ਸਥਾਪਤ ਕੀਤਾ ਜਾਵੇ।