- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗਲਾਤ ਵਿਭਾਗ ਦੀ ਜਮੀਨ ’ਚ ਰਸਤੇ ਬਣਾ ਕੇ ਹਨੇਰੇ ਚੱਲਦੀ ਹੈ ਮਾਈਨਿਗ

- ਮਾਈਨਿੰਗ ਮਾਫ਼ੀਆ ਨੇ ਸ਼ੁਰੂ ਕੀਤਾ ਨਵਾਂ ਚਲਣ, ਰਾਤ ਦੇ ਹਨੇਰੇ ’ਚ ਰੇਤਾ ਮਿੱਟੀ ਚੁੱਕੋ, ਕਰਾਹ ਨਾਲ ਟੋਏ ਪੂਰ ਦਿਓ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਹੀ ਬਲਾਕਾਂ ਵਿਚ ਮੌਜੂਦਾ ਸਮੇਂ ਦੌਰਾਨ ਮਾਈਨਿੰਗ ਕੀਤੀ ਜਾ ਰਹੀ ਹੈ। ਮਾਹਿਲਪੁਰ, ਗੜ੍ਹਸ਼ੰਕਰ, ਚੱਬੇਵਾਲ, ਟਾਂਡਾ, ਹੁਸ਼ਿਆਰਪੁਰ 01 ਅਤੇ 02 ਦੇ ਪਿੰਡ, ਹਰਿਆਣਾ, ਮੁਕੇਰੀਆਂ, ਹਾਜੀਪੁਰ, ਤਲਵਾੜਾ, ਦਸੂਹਾ ਅਤੇ ਸ਼ਾਮ ਚੁਰਾਸੀ ਹਲਕਿਆਂ ਸਮੇਤ ਮਾਈਨਿੰਗ ਦੀ ਪੂਰੇ ਜ਼ਿਲ੍ਹੇ ਵਿਚ ਬੋਲਬਾਲਾ ਹੈ। ਪਿਛਲੇ ਕੁੱਝ ਸਮੇਂ ਤੋਂ ਮਾਈਨਿੰਗ ਮਾਫੀਆ ਵੱਲੋਂ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਰਾਤ ਦੇ ਸਮੇਂ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਰਸਤੇ ਬਣਾ ਕੇ ਮਾਈਨਿੰਗ ਤੋਂ ਬਾਅਦ ਜੇਸੀਬੀ ਨਾਲ ਟੋਏ ਪੂਰ ਦਿੱਤੇ ਜਾਂਦੇ ਹਨ। ਬੀਤੀ ਰਾਤ ਹੁਸ਼ਿਆਰਪੁਰ ਦੀ ਹਦੂਦ ਨਾਲ ਲੱਗਦੇ ਪਿੰਡ ਸਟਿਆਲ ਅਤੇ ਬਸੀ ਗੁਲਾਮ ਹੁਸੈਨ ਵਿਚ ਵੀ ਅਜਿਹੇ ਨਜ਼ਾਰੇ ਹੀ ਦੇਖ਼ਣ ਨੂੰ ਮਿਲੇ।
ਬੀਤੀ ਸ਼ਾਮ ਲਾਗਲੇ ਪਿੰਡ ਸਤਿਆਲ ਦੇ ਸਰਪੰਚ ਤੀਰਥ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਦੋਸ਼ ਲਗਾਇਆ ਕਿ ਪਿੰਡਾਂ ਦੇ ਬਾਹਰਵਾਰ ਲੰਘਦੇ ਚੋਆਂ ਵਿਚ ਕੀਤੀ ਜਾ ਰਹੀ ਮਾਈਨਿੰਗ ਤੋਂ ਬਾਅਦ ਹੁਣ ਮਾਈਨਿੰਗ ਮਾਫ਼ੀਆ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਰਸਤੇ ਬਣਾ ਕੇ ਪੰਚਾਇਤੀ ਰਕਬਿਆਂ ਵਿੱਚੋਂ ਮਿੱਟੀ ਅਤੇ ਰੇਤਾ ਰਾਤ ਦੇ ਹਨੇਰੇ ਵਿਚ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ ਰਾਤ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਜੰਗਲਾਤ ਵਿਭਾਗ ਦੀ ਨਰਸਰੀ ਨਜ਼ਦੀਕ ਮਾਈਨਿੰਗ ਮਾਫੀਆ ਨੇ ਰਸਤਾ ਬਣਾ ਕੇ ਪੰਚਾਇਤੀ ਅਤੇ ਜੰਗਲੀ ਰਕਬੇ ਵਿੱਚੋਂ ਮਿੱਟੀ ਅਤੇ ਰੇਤਾ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਰਾਤ ਨੌਂ ਵਜੇ ਦੇ ਕਰੀਬ ਦੋ ਦਰਜਨ ਦੇ ਕਰੀਬ ਟਿੱਪਰ ਆਪਣੇ ਨਾਲ ਜੇਸੀਬੀ ਲੱਦ ਕੇ ਲਿਆਏ ਅਤੇ ਬਾਕਟ ਦੀ ਮਦਦ ਨਾਲ ਪਿੰਡ ਦੀ ਕੱਚੀ ਡੰਡੀ ਨੂੰ ਕੱਚੀ ਸੜਕ ਵਿਚ ਤਬਦੀਲ ਕਰ ਕੇ ਵੱਡੀ ਪੱਧਰ ’ਤੇ ਮਿੱਟੀ ਅਤੇ ਰੇਤਾ ਚੋਰੀ ਕਰ ਲਿਆ ਗਿਆ।
ਬਾਕਟ ਨਾਲ ਟੋਏ ਦਿੱਤੇ ਭਰ : ਉਨ੍ਹਾਂ ਦੱਸਿਆ ਕਿ ਪੰਜ-ਪੰਜ ਫ਼ੁੱਟ ਦੇ ਕਰੀਬ ਮਿੱਟੀ ਅਤੇ ਰੇਤਾ ਚੋਰੀ ਕਰਨ ਤੋਂ ਬਾਅਦ ਜ਼ਮੀਨ ਸਮਤਲ ਕਰਨ ਲਈ ਆਸ-ਪਾਸ ਤੋਂ ਮਿੱਟੀ ਘੜੀਸ ਕੇ ਟੋਏ ਤਾਂ ਭਰ ਦਿੱਤੇ ਪਰ ਕੰਢਿਆਂ ’ਤੇ ਬਣੇ ਪੰਜ ਤੋਂ ਛੇ ਫ਼ੁੱਟ ਡੂੰਘੇ ਕਿਨਾਰੇ ਚੀਕ-ਚੀਕ ਕੇ ਮਾਈਨਿੰਗ ਹੋਣ ਦੀ ਗਵਾਹੀ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾ ਸਿਰਫ ਸਰਕਾਰੀ ਜ਼ਮੀਨ ਦਾ ਨੁਕਸਾਨ ਕੀਤਾ ਗਿਆ, ਬਲਕਿ ਉੱਥੇ ਲੱਗੀ ਕੁਦਰਤੀ ਬਨਸਪਤੀ ਵੀ ਉਖ਼ਾੜ ਦਿੱਤੀ ਗਈ। ਪਿੰਡ ਦੇ ਕੱਚੇ ਰਸਤੇ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਜੇਸੀਬੀ ਲਗਾ ਕੇ ਵੱਡਾ ਕਰ ਲਿਆ।
ਦਫ਼ਾ ਚਾਰ ਅਤੇ ਪੰਜ ਦੀ ਉਲਘੰਣਾ : ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਜੰਗਲਾਤ ਵਿਭਾਗ ਦੀ ਨਰਸਰੀ ਵੀ ਪੈਂਦੀ ਹੈ, ਜਿਸ ’ਤੇ ਹਰ ਸਮੇਂ ਕੋਈ ਨਾ ਕੋਈ ਕਰਮਚਾਰੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਣਾਇਆ ਗਿਆ ਰਸਤਾ ਜੰਗਲਾਤ ਵਿਭਾਗ ਦੀ ਦਫ਼ਾ ਚਾਰ ਅਤੇ ਪੰਜ ਵਿਚ ਪੈਂਦਾ ਹੈ, ਜਿਸ ਤੋਂ ਰਸਤਾ ਬਣਾਉਣਾ ਸ਼ਰੇਆਮ ਜੰਗਲਤਾ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਰਸਤੇ ਵਿਚ ਇੱਕ ਸਫ਼ੈਦਾ ਹੈ, ਜਿਸ ਨੂੰ ਵੱਢਣ ਲਈ ਜੰਗਲਾਤ ਵਿਭਾਗ ਮਨਜ਼ੂਰੀ ਨਹੀਂ ਦੇ ਰਿਹਾ, ਜਦਿਕ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਰਸਤਾ ਬਣਾਉਣ ਲਈ ਮਾਈਨਿੰਗ ਮਾਫੀਆ ਨੇ ਜੰਗਲਾਤ ਵਿਭਾਗ ਵਿਭਾਗ ਦੇ ਛੋਟੇ ਬੂਟਿਆਂ ਅਤੇ ਕੁਦਰਤੀ ਬਨਸਪਤੀ ਦੀ ਬਲੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕਾ ਤੱਕ ਦੇਖ਼ਣ ਨੂੰ ਨਹੀਂ ਆ ਰਿਹਾ।
ਇਸ ਸਬੰਧੀ ਬਲਾਕ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਆਪਣੀ ਨਿੱਜੀ ਜ਼ਮੀਨ ਤੋਂ ਮਾਈਨਿੰਗ ਕੀਤੀ ਹੈ। ਉਨ੍ਹਾਂ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਉਨ੍ਹਾਂ ਰਸਤਾ ਬੰਦ ਕਰ ਦਿੱਤਾ। ਨਾਕਾਬੰਦੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਰਸਰੀ ਨੂੰ ਜਾਣ ਵਾਲਾ ਰਸਤਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੰਗਲਾਤ ਵਿਭਾਗ ਦਾ ਰਸਤਾ ਵਰਤ ਸਕਦੇ ਹਨ ਤਾਂ ਉਹ ਤਸੱਲੀਬਖ਼ਸ਼ ਉੱਤਰ ਨਾ ਦੇ ਸਕੇ।