- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰੀ ਵਿਭਾਗ ਦੀ ਜ਼ਮੀਨ ਤੋਂ ਕਰੱਸ਼ਰ ਮਾਲਕਾਂ ਖੁੱਲੀਆਂ ਮੌਜਾਂ ਮਾਣੀਆਂ

ਸੀਬੀਆਈ ਜਾਂਚ ‘ਚ ਖੁੱਲਣ੍ਹਗੇ ਰਾਜ਼
ਦੇਸ਼ ਰਾਜ, ਪੰਜਾਬੀ ਜਾਗਰਣ, ਤਲਵਾੜਾ : ਨੇੜਲੇ ਪਿੰਡ ਹੰਦਵਾਲ ’ਚ ਨਹਿਰੀ ਵਿਭਾਗ ਦੀ ਕਰੀਬ 50 ਏਕੜ ਜ਼ਮੀਨ ‘ਤੇ ਨੇੜਲੇ ਕਰੱਸ਼ਰਾਂ ਵਲੋਂ ਕੀਤੀ ਗਈ ਅੰਨੇਵਾਹ ਤੇ ਲੰਬਾ ਸਮਾਂ ਗੈਰ ਕਨੂੰਨੀ ਮਾਈਨਿੰਗ ਨੇ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਨਹਿਰੀ ਵਿਭਾਗ ਸਮੇਤ ਪੰਚਾਇਤੀ ਜ਼ਮੀਨ ‘ਤੇ ਹੋਈ ਗੈਰਕਨੂੰਨੀ ਮਾਈਨਿੰਗ ਵੀ ਸੀਬੀਆਈ ਜਾਂਚ ਦਾ ਹਿੱਸਾ ਬਣੇਗੀ। ਦੱਸਣਯੋਗ ਹੈ ਕਿ ਨਹਿਰੀ ਵਿਭਾਗ ‘ਤੇ ਕਰੱਸ਼ਰ ਵਲੋਂ ਕੀਤੀ ਜਾਣ ਵਾਲੀ ਗੈਰ ਕਨੂੰਨੀ ਮਾਈਨਿੰਗ ਦਾ ਮੁੱਦਾ ਮਾਰਚ 2019 ਵਿੱਚ ਪਹਿਲੀ ਵਾਰ ਪਿੰਡ ਹੰਦਵਾਲ ਦੀ ਤੱਤਕਾਲੀ ਸਰਪੰਚ ਸੋਨੀਆ ਦੇਵੀ, ਪੰਚ ਮੁਲਖ ਰਾਜ ਅਤੇ ਨੰਬਰਦਾਰ ਤੀਰਥ ਰਾਮ ਵਲੋਂ ਨਹਿਰੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਠਾਇਆ ਗਿਆ ਸੀ।
ਉਨ੍ਹਾਂ ਦੋਸ਼ ਲਗਾਏ ਗਏ ਸਨ ਕਿ ਪਿੰਡ ਚੰਗੜਮਾਂ ਤੋਂ ਸ਼ਾਹ ਨਹਿਰ ਦੀ ਮਾਲਕੀ ਵਾਲੇ ਸ਼ੁਰੂ ਹੁੰਦੇ ਕਰੀਬ 660 ਫੁੱਟ ਚੌੜੇ ਰਕਬੇ ਉੱਤੇ ਕਰੱਸ਼ਰਾਂ ਵਲੋਂ ਸ਼ਰੇਆਮ ਮਾਈਨਿੰਗ ਕੀਤੀ ਜਾ ਰਹੀ ਹੈ। ਨਹਿਰੀ ਜ਼ਮੀਨ ਤੋਂ ਰੋਜ਼ਾਨਾ 100 ਗੱਡੀਆਂ ਦੀ ਨਿਕਾਸੀ ਹੁੰਦੀ ਹੈ ਤੇ ਕਰੱਸ਼ਰ ਮਾਲਕਾਂ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਨਹਿਰੀ ਅਧਿਕਾਰੀ ਇਸਦੇ ਇਵਜ਼ ਵਿੱਚ ਪ੍ਰਤੀ ਗੱਡੀ 1500 ਤੋਂ 1700 ਰੁਪਏ ਵਸੂਲਦੇ ਹਨ। ਇਹ ਮਾਮਲਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਕਰ ਕੇ ਅਗਲੇ ਦਿਨ ਤੱਤਕਾਲੀ ਐਕਸੀਐਨ ਵਲੋਂ ਕੀਤੀ ਜਾਂਚ ਦੌਰਾਨ ਵੀ ਇਸ ਮਾਮਲੇ ਵਿੱਚ ਕੁਝ ਨਹਿਰੀ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਸੀ। ਉਸ ਮੌਕੇ ਨਹਿਰੀ ਅਧਿਕਾਰੀ ਨੇ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਰਕਬੇ ਦੀ ਨਿਸ਼ਾਨਦੇਹੀ ਕਰਕੇ ਬੁਰਜ਼ੀਆਂ ਲਗਾਉਣ ਕਰੱਸ਼ਰਾਂ ਦੇ ਲਾਂਘੇ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ। ਪਰ ਇਸ ਮਾਮਲੇ ਵਿੱਚ ਨਹਿਰੀ ਅਧਿਕਾਰੀਆਂ ਨੇ ਮਾਈਨਿੰਗ ਵਿਭਾਗ ਜਾਂ ਪੁਲੀਸ ਨੂੰ ਕਰੱਸ਼ਰਾਂ ਖਿਲਾਫ਼ ਕਾਰਵਾਈ ਲਿਖਣ ਤੋਂ ਵੱਧ ਕੁਝ ਨਹੀਂ ਕੀਤਾ।
ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਦੇ ਵੀ ਗੈਰ-ਕਨੂੰਨੀ ਮਾਈਨਿੰਗ ਸਮੇਂ ਸਿਰ ਰੋਕਣ ਦੀ ਥਾਂ ਪੁਲਿਸ ਤੇ ਮਾਈਨਿੰਗ ਵਿਭਾਗ ਨੂੰ ਪੱਤਰ ਲਿਖ ਕੇ ਕੇਵਲ ਡੰਗ ਟਪਾਈ ਕੀਤੀ ਹੈ। ਮਾਈਨਿੰਗ ਵਿਭਾਗ ਵਲੋਂ ਕੀਤੇ ਗਏ ਜੁਰਮਾਨਿਆਂ ਦਾ ਨਹਿਰੀ ਵਿਭਾਗ ਨੂੰ ਕੋਈ ਲਾਹਾ ਨਹੀਂ ਮਿਲਿਆ ਪਰ ਨਹਿਰੀ ਜ਼ਮੀਨ ਤੋਂ ਕਰੱਸ਼ਰਾਂ ਵਲੋਂ ਕੀਤੀ ਗੈਰ-ਕਾਨੂੰਨੀ ਮਾਈਨਿੰਗ ਨੇ ਅਧਿਕਾਰੀਆਂ ਦੇ ਘਰ ਜ਼ਰੂਰ ਭਰੇ ਹਨ। ਨਹਿਰੀ ਵਿਭਾਗ ਦੇ ਜਲ ਸਰੋਤ ਵਿਭਾਗ ਦੇ ਤਲਵਾੜਾ ਮੰਡਲ ਅਧੀਨ ਰਹਿ ਕੇ ਹੀ ਜੇਈ ਤੋਂ ਐਕਸੀਐਨ ਬਣੇ ਅਧਿਕਾਰੀ ਦੇ ਕਾਰੋਬਾਰ ਇਨ੍ਹਾਂ ਸਮਿਆਂ ਅੰਦਰ ਛਾਲਾਂ ਮਾਰ ਕੇ ਵਧੇ ਹਨ ਜੇਕਰ ਉਕਤ ਅਧਿਕਾਰੀ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਸਥਾਪਿਤ ਕੀਤੇ ਕਾਰੋਬਾਰਾਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਲਾਕੇ ਦਾ ਸਭ ਤੋਂ ਵੱਡਾ ਕਾਰੋਬਾਰੀ ਅਤੇ ਪਹਿਲਾ ਅਧਿਕਾਰੀ ਹੋਵੇਗਾ, ਜਿਹੜਾ ਇੰਨੇ ਵੱਡੇ ਪਰਿਵਾਰਕ ਕਾਰੋਬਾਰਾਂ ਦਾ ਮਾਲਕ ਹੋਵੇਗਾ ਜੇਕਰ ਸੀਬੀਆਈ ਇਸ ਪੱਧਰ ‘ਤੇ ਵੀ ਖੰਗਾਲਦੀ ਹੈ ਤਾਂ ਨਹਿਰੀ ਵਿਭਾਗ ਦੇ ਜਿੰਮੇਵਾਰ ਅਧਿਕਾਰੀ ਵੀ ਕਰੱਸ਼ਰਾਂ ਨੂੰ ਦਿੱਤੀ ਖੁੱਲ ਵਿੱਚ ਬਰਾਬਰ ਦੇ ਹਿੱਸੇਦਾਰ ਨਜ਼ਰ ਆਉਣਗੇ।
ਬਾਕਸ:
ਹੰਦਵਾਲ ’ਚ ਨਹਿਰੀ ਜ਼ਮੀਨ ‘ਤੇ ਹੁੰਦੀ ਗੈਰ-ਕਨੂੰਨੀ ਮਾਈਨਿੰਗ ਖਿਲਾਫ਼ ਪਿੰਡ ਦੇ ਲੋਕ ਲੰਬਾ ਸਮਾਂ ਲੜਾਈ ਲੜਦੇ ਰਹੇ ਹਨ ਤੇ ਕੁਝ ਸਿਆਸੀ ਆਗੂ ਵੀ ਰੋਟੀਆਂ ਸੇਕਣ ਇੱਥੇ ਆਉਂਦੇ ਰਹੇ ਹਨ। ਉਂਝ ਹਲਕਾ ਵਿਧਾਇਕ ਜੰਗੀ ਲਾਲ ਮਹਾਜ਼ਨ ਵੀ ਇਨ੍ਹਾ ਧਰਨਿਆਂ ਵਿੱਚ ਸ਼ਾਮਲ ਹੋਏ ਸਨ ਪਰ ਸਭ ਤੋਂ ਪਹਿਲਾਂ ਇਸ ਖੇਤਰ ਵਿੱਚ ਗੈਰਕਨੂੰਨੀ ਮਾਈਨਿੰਗ ਦੀ ਲੜਾਈ ਲੋਕਾਂ ਦੀ ਮੱਦਦ ਨਾਲ ਆਮ ਆਦਮੀ ਪਾਰਟੀ ਦੇ ਬਰਖਾਸਤ ਕੀਤੇ ਗਏ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਵਲੋਂ ਹੀ ਸ਼ੁਰੂ ਕੀਤੀ ਗਈ ਸੀ। ਸੁਲੱਖਣ ਜੱਗੀ ਨੂੰ ਗੈਰ ਕਨੂੰਨੀ ਮਾਈਨਿੰਗ ਖਿਲਾਫ਼ ਲੜਾਈ ਦੀ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਰਾਜ ਵਿੱਚ ਵੀ ਕੀਮਤ ਤਾਰਨੀ ਪਈ ਸੀ। ਪਰ ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਉਸਦੀ ਆਪਣੀ ਪਾਰਟੀ ਨੇ ਵੀ ਸੁਲੱਖਣ ਜੱਗੀ ਨੂੰ ਇਮਾਨਦਾਰੀ ਨਾਲ ਗੈਰ-ਕਨੂੰਨੀ ਮਾਈਨਿੰਗ ਦੀ ਲੜਾਈ ਨਹੀਂ ਲੜਨ ਦਿੱਤੀ।