ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗਿਆ ਮਾਈਨਿੰਗ ਵਿਭਾਗ ਲਗਾਤਾਰ ਸ਼ਿਕਾਇਤਾਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗਿਆ ਮਾਈਨਿੰਗ ਵਿਭਾਗ
Publish Date: Sun, 30 Aug 2026 06:08 PM (IST)
Updated Date: Sun, 30 Aug 2026 06:10 PM (IST)
- ਮਾਈਨਿੰਗ ਬਾਕਟ ਤੇ ਸਾਜੋ-ਸਮਾਨ ਸਮੇਤ ਤਿੰਨ ਕਾਬੂ, ਇੱਕ ਫ਼ਰਾਰ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹਲਕਾ ਚੱਬੇਵਾਲ ਅਧੀਨ ਪੈਂਦੇ ਚੋਆਂ ਅਤੇ ਖ਼ੇਤਾਂ ਵਿਚ ਲਗਾਤਾਰ ਹੋ ਰਹੀ ਮਾਈਨਿੰਗ ਅਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਅਸਰ ਮਾਈਨਿੰਗ ਵਿਭਾਗ ’ਤੇ ਹੋ ਗਿਆ ਹੈ। ਬੀਤੀ ਸ਼ਾਮ ਮਾਈਨਿੰਗ ਵਿਭਾਗ ਨੇ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਦਿਹਾਣਾ ਦੇ ਬਾਹਰਵਾਰ ਬਿਨਾਂ ਮਨਜ਼ੂਰੀ ਤੋਂ ਕੀਤੀ ਜਾ ਰਹੀ ਮਾਈਨਿੰਗ ’ਤੇ ਪੁਲਿਸ ਅਤੇ ਸਬੰਧਿਤ ਵਿਭਾਗ ਨੇ ਛਾਪਾ ਮਾਰ ਕੇ ਦੋ ਟਰੈਕਟਰ-ਟਰਾਲੀਆਂ ਅਤੇ ਮਿੱਟੀ ਭਰਨ ਵਾਲਾ ਬਾਕਟ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕੀ ਹੈ ਮਾਮਲਾ : ਮਾਈਨਿੰਗ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਹਟੀਆਣਾ ਥਾਣੇ ਦੇ ਥਾਣੇਦਾਰ ਗੁਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਖ਼ਸੀਸ਼ ਸਿੰਘ ਪੁੱਤਰ ਜਸਕੇਵਲ ਸਿੰਘ ਵਾਸੀ ਕੂਕੋਵਾਲ ਜੋ ਆਪਣੇ ਘਰ ਦੇ ਬਾਹਰਵਾਰ ਉੱਤਰ ਵਾਲੇ ਪਾਸੇ ਕੱਚੇ ਰਸਤੇ ਵਿਚ ਵਿਚ ਜੋ ਰਕਬਾ ਪਿੰਡ ਦਿਹਾਣਾ ਦੀ ਪੰਚਾਇਤ ਵਿਚ ਪੈਂਦਾ ਹੈ, ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਮਿੱਟੀ ਪੁੱਟ ਕੇ ਅੱਗੇ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਪੁੱਟੀ ਨਾਲ ਬਰਸਾਤਾਂ ਦੇ ਦਿਨਾਂ ਵਿਚ ਬਰਸਾਤੀ ਪਾਣੀ ਦੇ ਵਹਾਅ ਲਈ ਖ਼ਤਰਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਛਾਪੇਮਾਰੀ ਕੀਤੀ ਤਾਂ ਉਸ ਸਥਾਨ ’ਤੇ ਦੋ ਟਰੈਕਟਰ ਅਤੇ ਦੋ ਟਰਾਲੀਆਂ ਵਿਚ ਬਾਕਟ ਨਾਲ ਮਿੱਟੀ ਚੋਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਛਾਪਾਮਾਰ ਟੀਮ ਨੂੰ ਦੇਖ਼ ਕੇ ਜਦੋਂ ਉਹ ਭੱਜਣ ਲੱਗੇ ਤਾਂ ਪੁਲਿਸ ਨੇ ਘੇਰਾਬੰਦੀ ਕਰ ਕੇ ਇੱਕ ਬਿਨ੍ਹਾਂ ਨੰਬਰੀ ਟਰੈਕਟਰ ਅਤੇ ਦੂਜਾ ਟਰੈਕਟਰ ਟਰਾਲੀ ਨੰਬਰ ਪੀਬੀ09ਏਪੀ4727 ਕਾਬੂ ਕਰ ਲਏ ਅਤੇ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਬਾਕਟ ਵੀ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੱਬੇਵਾਲ ਦੇ ਦਰਜਨ ਪਿੰਡਾਂ ’ਚ ਹੁੰਦੀ ਹੈ ਮਾਈਨਿੰਗ : ਇੱਥੇ ਵਰਨਣਯੋਗ ਹੈ ਕਿ ਹਲਕਾ ਚੱਬੇਵਾਲ ਦੇ ਚੜ੍ਹਦੇ ਪਾਸੇ ਦੇ ਪਿੰਡ ਪਰਸੋਵਾਲ, ਬਛੋਹੀ, ਜੰਡੋਲੀ, ਬਸੀ ਕਲਾਂ, ਬਾੜੀਆਂ ਕਲਾਂ, ਬਾੜੀਆਂ ਖ਼ੁਰਦ, ਪੱਟੀ, ਨੌਨੀਤਪੁਰ, ਮੱਖਣਗੜ੍ਹ, ਮੁੱਖੋਮਜਾਰਾ, ਮਨੋਲੀਆਂ, ਚੰਬਲਾਂ, ਬਾੜੀਆਂ ਖ਼ੁਰਦ ਸਮੇਤ ਅਜਿਹੇ ਹੋਰ ਵੀ ਪਿੰਡ ਹਨ ਜਿੱਥੇ ਮਾਈਨਿੰਗ ਮਾਫ਼ੀਆ ਵੱਲੋਂ ਲਗਾਤਾਰ ਚੋਆਂ ਦੀ ਦਿਸ਼ਾ ਅਤੇ ਦਸ਼ਾ ਮਾਈਨਿੰਗ ਨਾਲ ਵਿਗਾੜ ਦਿੱਤੀ ਹੈ। ਹਾਲਾਂਕਿ ਵਿਭਾਗੀ ਕਾਰਵਾਈ ਵੀ ਪੂਰੀ ਤਰਾਂ ਸੁਸਤ ਰਹੀ ਹੈ ਪਰ ਹਲਕੇ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਪਹਿਲੀ ਹੈ। ਜ਼ਿਲ੍ਹੇ ਦੇ ਹਰ ਬਲਾਕ ’ਚ ਮਾਈਨਿੰਗ ਦਾ ਬੋਲਬਾਲਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ, ਤਲਵਾੜਾ, ਹਾਜੀਪੁਰ, ਦਾਤਾਰਪੁਰ, ਦਸੂਹਾ, ਹਰਿਆਣਾ, ਸ਼ਾਮ ਚੁਰਾਸੀ, ਮਾਹਿਲਪੁਰ, ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਦੇ ਬਲਾਕ 01 ਅਤੇ 02 ਅਧੀਨ ਪੈਂਦੇ ਪਿੰਡਾਂ ਵਿਚ ਮਾਈਨਿੰਗ ਦਾ ਕੰਮ ਮੂੰਹ ਹਨੇਰੇ ਹੀ ਸ਼ੁਰੂ ਹੋ ਜਾਂਦਾ ਹੈ। ਚੱਬੇਵਾਲ ਥਾਣਾ ਵਲੋਂ ਪੱਟੀ ਪਿੰਡ ਵਾਸੀਆਂ ਵੱਲੋਂ ਦੋ ਵਾਰ ਪੁਲਿਸ ਨੂੰ ਮਾਈਨਿੰਗ ਕਰਦੇ ਲੋਕਾਂ ਦੀ ਮਸ਼ੀਨਰੀ ਕਾਬੂ ਕਰਵਾਈ ਗਈ ਪਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਪੁਲਿਸ ਨੇ ਖ਼ਾਨਾਪੂਰਤੀ ਕਰ ਦਿੱਤੀ। ਕੌਣ-ਕੌਣ ਹੋਏ ਨਾਮਜ਼ਦ : ਇਸ ਮਾਮਲੇ ’ਚ ਪੁਲਿਸ ਨੇ ਮੁਹੰਮਦ ਯਾਕੂਬ ਪੁੱਤਰ ਅੱਲਾ ਵਾਸੀ ਪਾਲਦੀ ਥਾਣਾ ਮਾਹਿਲਪੁਰ, ਰੌਸ਼ਨ ਪੁੱਤਰ ਮੁਹੰਮਦ ਵਾਸੀ ਦਿਹਾਣਾ, ਯਾਸੀਨ ਪੁੱਤਰ ਮੁਹੰਮਦ ਵਾਸੀ ਪਾਲਦੀ ਨੂੰ ਕਾਬੂ ਕੀਤਾ ਜਦਿਕ ਮਾਈਨਿੰਗ ਕਰਵਾਉਣ ਵਾਲੇ ਬਖਸ਼ੀਸ਼ ਸਿੰਘ ਪੁੱਤਰ ਜਸਕੇਵਲ ਸਿੰਘ ਵਾਸੀ ਕੂਕੋਵਾਲ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੀ ਕਹਿੰਦੇ ਹਨ ਮਾਈਨਿੰਗ ਇੰਸਪੈਕਟਰ : ਇਸ ਸਬੰਧੀ ਮਾਈਨਿੰਗ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਆਮ ਲੋਕਾਂ ਵਲੋਂ ਪੂਰਨ ਯਹਿਯੋਗ ਮਿਲੇ ਤਾਂ ਮਾਈਨਿੰਗ ਪੂਰੀ ਤਰ੍ਹਾਂ ਨਾਲ ਬੰਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਮਾਈਨਿੰਗ ਰੋਕਣ ਲਈ ਲਗਾਤਾਰ ਛਾਪੇਮਾਰੀ ਵੀ ਕਰ ਰਹੇ ਹਨ।