ਮਾਈਨਿੰਗ ਮਾਫੀਆ ਕਰ ਰਿਹਾ ਪਹਾੜੀ ਖੇਤਰ ਦਾ ਰੱਜ ਕੇ ਉਜਾੜਾ ਮਾਈਨਿੰਗ ਮਾਫੀਆ ਕਰ ਰਿਹਾ ਪਹਾੜੀ ਖੇਤਰ ਦਾ ਰੱਜ ਕੇ ਉਜਾੜਾ
Publish Date: Thu, 23 Jul 2026 07:16 PM (IST)
Updated Date: Fri, 24 Jul 2026 04:11 AM (IST)
20-25 ਫੁੱਟ ਤੱਕ ਚੁੱਕੀ ਜਾ ਰਹੀ ਮਿੱਟੀ, ਮਾਈਨਿੰਗ ਐਕਟ ਦੀਆਂ ਉੱਡ ਰਹੀਆਂ ਧੱਜੀਆਂ ਫੂਲਾ ਸਿੰਘ ਬੀਰਮਪੁਰ ,ਪੰਜਾਬੀ ਜਾਗਰਣ,ਗੜ੍ਹਸ਼ੰਕਰ ਗੜ੍ਹਸ਼ੰਕਰ ਦੇ ਪਹਾੜੀ ਖੇਤਰ ਵਿੱਚ ਕਈ ਅਨੇਕਾ ਥਾਵਾਂ ’ਤੇ ਮਾਈਨਿੰਗ ਮਾਫੀਆ ਵੱਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਰੋਕ ਮਿੱਟੀ ਦੀ ਖੁਦਾਈ ਕੀਤੀ ਜਾ ਰਹੀ ਹੈ। ਮਾਈਨਿੰਗ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਥੇ 20-25 ਫੁੱਟ ਤੱਕ ਵੀ ਡੂੰਘੀ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਕਾਰਨ ਪੂਰੇ ਪਹਾੜੀ ਖੇਤਰ ਦਾ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ। ਇਹਨਾਂ ਪਿੰਡਾਂ ਦੇ ਕੁਝ ਵਸਨੀਕਾਂ ਨੇ ਵੀ ਆਪਣਾ ਨਾਮ ਨਾਂ ਦੱਸਦੇ ਹੋਏ ਦੱਸਿਆ ਕਿ ਕਈ ਵਾਰ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾ ਚੁੱਕੇ ਹਾਂ ਪਰ ਇਸੇ ਇਲਾਕੇ ਵਿੱਚੋਂ ਮਾਈਨਿੰਗ ਘਟਣ ਦੀ ਬਜਾਏ ਦਿਨੋ ਦਿਨ ਵਧੀ ਹੈ। ਇਸ ਇਲਾਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਅੱਜ ਤੱਕ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਜੋਰਾਂ ਸ਼ੋਰਾਂ ਨਾਲ ਜਾਰੀ ਹੈ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਗੱਲਬਾਤ ਕਰਦਿਆਂ ਗੱਲ ਗੜਸ਼ੰਕਰ ਤੋਂ ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਮਾਈਨਿੰਗ ਮਾਫੀਆ ਰਾਤੋ-ਰਾਤ ਭਾਰੀ ਮਸ਼ੀਨਰੀ ਨਾਲ ਪਹਾੜੀਆਂ ਨੂੰ ਖਤਮ ਰਿਹਾ ਹੈ। ਸਰਕਾਰੀ ਨਿਯਮਾਂ ਅਨੁਸਾਰ ਸੀਮਤ ਡੂੰਘਾਈ ਤੱਕ ਹੀ ਖੁਦਾਈ ਦੀ ਇਜਾਜ਼ਤ ਹੈ, ਪਰ ਇੱਥੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਹੜ੍ਹਾਂ ਦਾ ਖਤਰਾ ਵਧ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਗੈਰ-ਕਾਨੂੰਨੀ ਮਾਈਨਿੰਗ ਵੱਲ ਅੱਖਾਂ ਬੰਦ ਕਰਕੇ ਬੈਠੇ ਹਨ। ਇਸ ਨਜਾਇਜ਼ ਮਾਈਨਿੰਗ ਦੀ ਨਿਖੇਧੀ ਕਰਦੇ ਹੋਏ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਵੀ ਕਿਹਾ ਕਿ ਪਹਾੜੀ ਖੇਤਰ ਵਿੱਚ ਹੋ ਰਹੀ ਇਸ ਤਰ੍ਹਾਂ ਦੀ ਲੁੱਟ ਨਾਲ ਵਾਤਾਵਰਨ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਇਸ ਖੇਤਰ ਵਿੱਚ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਵਿਭਾਗ ਦੇ ਐਸਡੀਓ ਹਰਕਮਲ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤਾ ਉਹਨਾਂ ਨਾਲ ਫੋਨ ਤੇ ਸੰਪਰਕ ਨਹੀਂ ਹੋ ਸਕਿਆ ਅਤੇ ਜੇਈ ਲਵਪ੍ਰੀਤ ਸਿੰਘ ਨੇ ਪਹਿਲਾ ਦੀ ਤਰਾ ਕਿਹਾ ਹੈ ਕਿ ਇਸ ਖੇਤਰ ਚ ਹੋ ਰਹੀ ਮਾਈਨਿੰਗ ਧਿਆਨ ਵਿੱਚ ਨਹੀਂ ਹੈ ਪਰ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ