ਪੱਟੀ ਚੋਅ ’ਚ ਫਿਰ ਪੰਚਾਇਤ ਦਾ ਛਾਪਾ, ਮਾਈਨਿੰਗ ਕਰਨ ਵਾਲੇ ਵਾਹਨ ਛੱਡ ਕੇ ਭੱਜੇ ਪੱਟੀ ਚੋਅ ’ਚ ਮਾਈਨਿੰਗ ਕਰਦੇ ਪੰਚਾਇਤ ਦੇਖ਼ ਵਾਹਨ ਛੱਡੇ ਭੱਜੇ
Publish Date: Mon, 24 Aug 2026 06:32 PM (IST)
Updated Date: Mon, 24 Aug 2026 06:33 PM (IST)
ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ ਚੱਬੇਵਾਲ : ਚੱਬੇਵਾਲ ਦੇ ਵੱਖ਼-ਵੱਖ਼ ਚੋਆਂ ਵਿਚ ਹੁੰਦੀ ਮਾਈਨਿੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਥਾਣਾ ਤੇ ਹਲਕੇ ਅਧੀਨ ਪੈਂਦੇ ਦਰਜਨ ਦੇ ਕਰੀਬ ਚੋਆਂ ਵਿਚ ਦਿਨ-ਰਾਤ ਸ਼ਰੇਆਮ ਮਾਈਨਿੰਗ ਚੱਲ ਰਹੀ ਹੈ ਜਦਕਿ ਪੁਲਿਸ ਤੇ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਕੱਲੇ ਪੱਟੀ ਪਿੰਡ ਵਿਚ ਹੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਹੀਨੇ ਅੰਦਰ ਦੂਜੀ ਵਾਰ ਮਾਈਨਿੰਗ ਮਾਫੀਆ ਦੇ ਲੋਕਾਂ ਨੂੰ ਫ਼ੜਿਆ ਹੈ। ਥਾਣਾ ਚੱਬੇਵਾਲ ਦੀ ਪੁਲਿਸ ਨੇ ਪਹਿਲੀ ਵਾਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਪੱਲਾ ਝਾੜ ਲਿਆ ਸੀ ਜਦਕਿ ਪੰਚਾਇਤ ਤੇ ਸਰਪੰਚ ਦੀ ਅਗਵਾਈ ਹੇਠ ਸ਼ਰੇਆਮ ਰੇਤਾ ਨਾਲ ਭਰੀਆਂ ਟਰਾਲੀਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤੀਆਂ ਗਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਟੀ ਦੇ ਮੋਹਤਬਰ ਸੱਜਣਾਂ ਤੇ ਪੰਚਾਇਤ ਨੂੰ ਅੱਜ ਮੁੜ ਜਦੋਂ ਪਤਾ ਲੱਗਾ ਕਿ ਪਿੰਡ ਪੱਟੀ ਦੇ ਚੋਅ ਵਿੱਚ ਰੇਤ ਮਾਫੀਆ ਵੱਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਪਿੰਡ ਦੇ ਮੋਹਤਬਰ ਸੱਜਣ ਤੇ ਗ੍ਰਾਮ ਪੰਚਾਇਤ ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਮੌਕੇ ਤੇ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਨਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਆਪਣੇ ਦੋ ਟਰੈਕਟਰ ਟਰਾਲੀਆਂ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਿੰਡ ਵਾਸੀਆਂ ਵੱਲੋਂ ਥਾਣਾ ਚੱਬੇਵਾਲ ਪੁਲਿਸ ਨੂੰ ਤੇ ਮਾਈਨਿੰਗ ਵਿਭਾਗ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਥਾਣਾ ਚੱਬੇਵਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਈਨਿੰਗ ਕਰਦੇ ਦੋ ਟਰੈਕਟਰ ਟਰਾਲੀਆਂ ਕਾਬੂ ਕਰ ਕੇ ਥਾਣੇ ਬੰਦ ਕੀਤੀਆਂ ਗਈਆਂ ਤੇ ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਜਾਇਜ਼ ਮਾਈਨਿੰਗ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਗਈ। ਥਾਣਾ ਚੱਬੇਵਾਲ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਨਜਾਇਜ਼ ਮਾਈਨਿੰਗ ਵਾਲੀਆਂ ਕਾਬੂ ਕੀਤੀਆਂ ਗਈਆਂ ਦੋ ਟਰਾਲੀਆਂ ਵਿੱਚ ਇੱਕ ਰੇਤਾ ਦੀ ਭਰੀ ਹੋਈ ਹੈ ਤੇ ਦੂਸਰੀ ਖਾਲੀ ਟਰਾਲੀ ਜੋ ਕਿ ਰੇਤ ਭਰਨ ਦੀ ਤਿਆਰੀ ਕਰ ਰਹੇ ਸਨ ਪਰ ਮੌਕੇ ਤੋਂ ਫ਼ਰਾਰ ਹੋ ਗਏ। ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਪਹੁੰਚੇ ਪਿੰਡ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਪੱਟੀ ਦੇ ਚੋਅ ਵਿੱਚ ਰੇਤ ਮਾਫੀਆ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਨੂੰ ਸਖਤੀ ਨਾਲ ਰੋਕਿਆ ਜਾਵੇ।