ਸਿਹਤ ਵਿਭਾਗ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਘਟਾਉਣ ਲਈ ਸਿਹਤ ਵਿਭਾਗ ਵੱਲੋਂ ਸਮੀਖਿਆ ਮੀਟਿੰਗ
Publish Date: Tue, 03 Nov 2026 06:22 PM (IST)
Updated Date: Tue, 03 Nov 2026 06:23 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਅਤੇ ਟੀਬੀ ਮੁਕਤ ਭਾਰਤ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਟੀਬੀ ਅਫ਼ਸਰ ਡਾ. ਸ਼ਕਤੀ ਸ਼ਰਮਾ, ਬਲਾਕ ਨੋਡਲ ਅਫ਼ਸਰਾਂ ਅਤੇ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਟੀਬੀ ਮਰੀਜ਼ਾਂ ਦੀ ਸਥਿਤੀ, ਇਲਾਜ ਦੀ ਪ੍ਰਗਤੀ ਅਤੇ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਆਡਿਟ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਡਾ. ਮਨਦੀਪ ਕਮਲ ਨੇ ਕਿਹਾ ਕਿ ਟੀਬੀ ਇੱਕ ਇਲਾਜਯੋਗ ਬਿਮਾਰੀ ਹੈ ਅਤੇ ਸਮੇਂ ਸਿਰ ਜਾਂਚ ਤੇ ਸਹੀ ਇਲਾਜ ਨਾਲ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਨਿਯਮਿਤ ਨਿਗਰਾਨੀ ਅਤੇ ਇਲਾਜ ਦਾ ਕੋਰਸ ਪੂਰਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਡਾ. ਸ਼ਕਤੀ ਸ਼ਰਮਾ ਨੇ ਮਰੀਜ਼ਾਂ ਦੀ ਜਲਦੀ ਪਛਾਣ, ਨਿਯਮਿਤ ਫਾਲੋਅੱਪ ਅਤੇ ਗੰਭੀਰ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੰਸਥਾਵਾਂ ਵਿੱਚ ਰੈਫਰ ਕਰਨ ਦੀ ਮਹੱਤਤਾ ਦੱਸੀ। ਮੀਟਿੰਗ ਦੌਰਾਨ JOSH ਟੀਮ ਦੀ ਕਾਰਗੁਜ਼ਾਰੀ, ਸਬ-ਨੈਸ਼ਨਲ ਸਰਟੀਫਿਕੇਸ਼ਨ ਅਤੇ ਨਿਕਸ਼ੇ ਮਿੱਤਰ ਪਹਿਲਕਦਮੀ ਦੀ ਵੀ ਸਮੀਖਿਆ ਕੀਤੀ ਗਈ। ਸਿਵਲ ਸਰਜਨ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਮਰੱਥ ਵਿਅਕਤੀਆਂ ਨੂੰ ਨਿਕਸ਼ੇ ਮਿੱਤਰ ਬਣ ਕੇ ਟੀਬੀ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।