15 ਨਵੰਬਰ ਨੂੰ ਮੁਕੇਰੀਆਂ ਗੰਨਾ ਮਿੱਲ ਅੱਗੇ ਵੱਡੇ ਸੰਘਰਸ਼ ਦਾ ਐਲਾਨ 15 ਨਵੰਬਰ ਨੂੰ ਮੁਕੇਰੀਆਂ ਗੰਨਾ ਮਿੱਲ ਅੱਗੇ ਵੱਡੇ ਸੰਘਰਸ਼ ਦਾ ਐਲਾਨ
Publish Date: Tue, 03 Nov 2026 06:21 PM (IST)
Updated Date: Tue, 03 Nov 2026 06:23 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਇੱਥੇ ਸੰਯੁਕਤ ਗੰਨਾ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਰੈੱਸਟ ਹਾਊਸ ਵਿਖੇ ਕਰਵਾਈ ਗਈ। ਮੀਟਿੰਗ ਵਿੱਚ ਇਕੱਤਰ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੰਨਾ ਕਾਸ਼ਤਕਾਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਗੰਨੇ ਦੀ ਅਦਾਇਗੀ ਕਿਸਾਨਾਂ ਨੂੰ ਕਿਸ਼ਤਾਂ ਦੀ ਕਰਨ ਦੀ ਬਜਾਏ ਇਕੱਠੀ ਇੱਕੋ ਵਾਰ ਕੀਤੀ ਜਾਵੇ। ਇਸ ਤੋਂ ਇਲਾਵਾ ਗੰਨੇ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕੀਤਾ ਜਾਵੇ, ਜੋ ਕਿ ਕਿਸਾਨਾਂ ਵੱਲੋਂ 776 ਰੁਪਏ ਪ੍ਰਤੀ ਕੁਇੰਟਲ ਬਣਦਾ ਦੱਸਿਆ ਗਿਆ। ਮੁਕੇਰੀਆਂ ਗੰਨਾ ਮਿੱਲ ਵੱਲ ਕਿਸਾਨਾਂ ਦੀ ਗੰਨੇ ਦੀ ਬਕਾਇਆ ਲਗਭਗ 7 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਵੀ ਉਠਾਈ ਗਈ। ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਉਪਰੋਕਤ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 15 ਨਵੰਬਰ ਨੂੰ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੁਕੇਰੀਆਂ ਗੰਨਾ ਮਿੱਲ ਦੇ ਸਾਹਮਣੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਦਕਿ ਇਸ ਤੋਂ ਪਹਿਲਾਂ 10 ਨਵੰਬਰ ਨੂੰ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਸਰਕਾਰ ਨੂੰ ਚਿਤਾਵਨੀ ਪੱਤਰ ਸੌਂਪੇ ਜਾਣਗੇ। ਮੀਟਿੰਗ ਵਿੱਚ ਕਿਸਾਨ ਜਥੇਬੰਦੀ ਪੱਗੜੀ ਸੰਭਾਲ ਲਹਿਰ ਦੇ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਅਜਾਇਬ ਸਿੰਘ ਬੇਲਾ ਸਰਿਆਣਾ, ਲਖਵਿੰਦਰ ਸਿੰਘ ਮਹਿਮੂਦਪੁਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰਤਾਪ ਸਿੰਘ, ਪੱਗੜੀ ਸੰਭਾਲ ਜੱਟਾ ਲਹਿਰ ਤੋਂ ਬਲਵਿੰਦਰ ਸਿੰਘ ਚੀਮਾ, ਬਲਜੀਤ ਸਿੰਘ ਨੀਟਾ ਅਤੇ ਠਾਕੁਰ ਜਗਦੇਵ ਸਿੰਘ ਭੱਟੀਆਂ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਤੋਂ ਉਂਕਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਦਲੀਪ ਸਿੰਘ ਅਤੇ ਜਗਦੀਸ਼ ਸਿੰਘ ਰਾਜਾ, ਬੀਕੇਯੂ ਆਜ਼ਾਦ ਤੋਂ ਅਮਰਜੀਤ ਸਿੰਘ ਰੜਾ, ਦਵਿੰਦਰ ਸਿੰਘ ਬਸਰਾ ਅਤੇ ਹਰਪ੍ਰੀਤ ਸਿੰਘ ਸੰਧੂ, ਵੀ ਹਾਜ਼ਰ ਸਨ।