ਪੋਂਗ ਡੈਮ ਦੇ ਇੰਜੀਨੀਅਰਾਂ ਲਈ ਇੱਕ ਦਿਨਾਂ ਤਕਨੀਕੀ ਕਾਰਜਸ਼ਾਲਾ ਕਰਵਾਈ ਪੋਂਗ ਡੈਮ ਦੇ ਇੰਜਨੀਅਰਾਂ ਲਈ ਇੱਕ ਦਿਨਾਂ ਤਕਨੀਕੀ ਕਾਰਜਸ਼ਾਲਾ ਆਯੋਜਿਤ
Publish Date: Wed, 12 Aug 2026 03:26 PM (IST)
Updated Date: Wed, 12 Aug 2026 03:29 PM (IST)
ਜਗਮੋਹਣ ਸ਼ਰਮਾ, ਪੰਜਾਬੀ ਜਾਗਰਣ ਤਲਵਾੜਾ : ਪੋਂਗ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਕੁਮਾਰ ਗੁਪਤਾ ਦੇ ਮਾਰਗਦਰਸ਼ਨ ਹੇਠ ਡੈਮ ਦੇ ਇੰਜੀਨੀਅਰਾਂ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਦਿਨਾਂ ਤਕਨੀਕੀ ਕਾਰਜਸ਼ਾਲਾ ਕਰਵਾਈ ਗਈ। ਕਾਰਜਸ਼ਾਲਾ ਦੌਰਾਨ ਡੈਮਾਂ ਅਤੇ ਹੈੱਡ ਵਰਕਸਾਂ ਦੇ ਗੇਟਾਂ ਨਾਲ ਸਬੰਧਿਤ ਅਹਿਮ ਤਕਨੀਕੀ ਪੱਖਾਂ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕਾਰਜਸ਼ਾਲਾ ਵਿੱਚ ਕੇਂਦਰੀ ਜਲ ਆਯੋਗ ਦੇ ਸਾਬਕਾ ਮੁੱਖ ਇੰਜਨੀਅਰ ਸ਼ਿਵ ਦੱਤ ਸ਼ਰਮਾ ਨੇ ਵਿਸ਼ੇਸ਼ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡੈਮਾਂ ਅਤੇ ਹੈੱਡ ਵਰਕਸਾਂ ਵਿੱਚ ਵਰਤੇ ਜਾਂਦੇ ਗੇਟਾਂ ਦੀ ਯੋਜਨਾਬੰਦੀ, ਡਿਜ਼ਾਇਨ, ਨਿਰਮਾਣ, ਸਥਾਪਨਾ ਅਤੇ ਕਾਰਜਸ਼ੀਲ ਕਰਨ ਨਾਲ ਸਬੰਧਤ ਵੱਖ-ਵੱਖ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੇਟਾਂ ਦੀ ਕਾਰਗੁਜ਼ਾਰੀ, ਸੁਰੱਖਿਆ, ਰੱਖ-ਰਖਾਅ ਅਤੇ ਸੰਚਾਲਨ ਦੌਰਾਨ ਆਉਣ ਵਾਲੀਆਂ ਤਕਨੀਕੀ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵੀ ਆਪਣੇ ਤਜਰਬੇ ਸਾਂਝੇ ਕੀਤੇ। ਡਿਪਟੀ ਮੁੱਖ ਇੰਜਨੀਅਰ ਵੀ. ਕੇ. ਮੀਨਾ ਨੇ ਮਾਹਿਰ ਇੰਜ. ਸ਼ਿਵ ਦੱਤ ਸ਼ਰਮਾ ਦਾ ਕੀਮਤੀ ਤਕਨੀਕੀ ਗਿਆਨ ਅਤੇ ਤਜਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਪੋਂਗ ਡੈਮ ਦਾ ਦੌਰਾ ਵੀ ਕੀਤਾ ਅਤੇ ਡੈਮ ਦੇ ਵੱਖ-ਵੱਖ ਤਕਨੀਕੀ ਅਤੇ ਸੰਚਾਲਨ ਪੱਖਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਅਰਵਿੰਦਰਪਾਲ ਸਿੰਘ ਊਭੀ ਅਤੇ ਗੌਰਵ ਲਾਂਬਾ ਤੋਂ ਇਲਾਵਾ ਵੱਖ ਵੱਖ ਐੱਸਡੀਓਜ਼ ਤੇ ਜੁਨੀਅਰ ਇੰਜਨੀਅਰ ਵੀ ਮੌਜੂਦ ਸਨ।