ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਦੀ ਖੁੱਲ੍ਹੀ ਕਿਸਮਤ, ਨਿਰਮਾਣ ਦੀ ਕਵਾਇਦ ਸ਼ੁਰੂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਦੇ ਨਿਰਮਾਣ ਦੀ ਕਵਾਇਦ
Publish Date: Thu, 12 Nov 2026 04:41 PM (IST)
Updated Date: Thu, 12 Nov 2026 04:42 PM (IST)
ਅੜਿੱਕਾ ਬਣ ਰਹੇ 267 ਦਰੱਖ਼ਤ ਜੰਗਲਾਤ ਵਿਭਾਗ ਨੇ ਕੱਟੇ, 11 ਲੱਖ ’ਚ ਵਿਕੇ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਿਵਲ ਹਸਪਤਾਲ ਦੇ ਅੰਦਰ ਬਣਾਏ ਜਾਣ ਵਾਲੇ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਿਰਮਾਣ ਵਿੱਚ ਅੜਿੱਕਾ ਬਣ ਰਹੇ ਦਰੱਖਤਾਂ ਦਾ ਮਾਮਲਾ ਹੱਲ ਹੋਣ ਤੋਂ ਬਾਅਦ ਇਸ ਦੇ ਨਿਰਮਾਣ ਦਾ ਕੰਮ ਤੇਜੀ ਨਾਲ ਸ਼ੁਰੂ ਹੋ ਗਿਆ। ਛੇ ਸਾਲਾਂ ਤੋਂ ਚੋਣਾ ਦੀਆਂ ਘੋਸ਼ਨਾਵਾਂ ਦਾ ਸਿਰਲੇਖ ਬਣਦੇ ਰਹੇ ਇਸ ਕਾਲਜ ਦੀ ਕਿਸਮਤ ਆਖਿਰਕਾਰ ਖੁੱਲ੍ਹ ਹੀ ਗਈ। ਹਸਪਤਾਲ ਦੇ ਅੰਦਰ ਖੜ੍ਹੇ 267 ਦਰੱਖਤਾਂ ਕਾਰਨ ਨਿਰਮਾਣ ਕਾਰਜ ਲਟਕਿਆ ਹੋਇਆ ਸੀ। ਹੁਣ ਇਨ੍ਹਾਂ ਦਰੱਖਤਾਂ ਦੀ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣ ਉਪਰੰਤ ਨਿਲਾਮੀ ਕਰ ਦਿੱਤੀ ਗਈ ਹੈ। ਇਹ ਦਰੱਖਤ 11 ਲੱਖ ਰੁਪਏ ਵਿੱਚ ਵੇਚੇ ਗਏ ਹਨ ਜਿਸ ਤੋਂ ਬਾਅਦ ਹਸਪਤਾਲ ਅੰਦਰੋਂ ਇਨ੍ਹਾਂ ਦੀ ਕਟਾਈ ਕਰਨ ਤੋਂ ਬਾਅਦ ਨੀਂਹਾਂ ਵੀ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਦਰੱਖਤਾਂ ਨੂੰ ਤੇਜੀ ਨਾਲ ਕੱਟਣ ਤੋਂ ਬਾਅਦ ਇੱਥੇ ਨਿਰਮਾਣ ਕਾਰਜ ਵੀ ਤੇਜੀ ਨਾਲ ਸ਼ੁਰੂ ਹੋ ਚੁੱਕੇ ਹਨ ਜਿੱਥੇ ਕੋਈ ਦਰੱਖਤ ਨਹੀਂ ਹੈ, ਉੱਥੇ ਚੂਨਾ ਪਾ ਕੇ ਨਿਸ਼ਾਨ ਲਗਾਏ ਗਏ ਹਨ, ਤਾਂ ਜੋ ਇਮਾਰਤ ਦੀ ਨੀਂਹ ਪੁੱਟਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਸਿਵਲ ਹਸਪਤਾਲ ਦੇ ਅੰਦਰ ਖੜ੍ਹੇ ਦਰੱਖਤਾਂ ਨੂੰ ਕੱਟਣ ਦਾ ਮਾਮਲਾ ਹਾਈਕੋਰਟ ਵਿੱਚ ਪਹੁੰਚ ਗਿਆ ਸੀ। ਅਦਾਲਤ ਨੇ ਹਸਪਤਾਲ ਪ੍ਰਬੰਧਨ ਨੂੰ ਹੁਕਮ ਦਿੱਤੇ ਸਨ ਕਿ ਜਿੰਨੇ ਦਰੱਖਤ ਕੱਟੇ ਜਾਣਗੇ, ਉਨ੍ਹਾਂ ਦੀ ਗਿਣਤੀ ਤੋਂ ਪੰਜ ਗੁਣਾ ਵੱਧ ਪੌਦੇ ਸਿਵਲ ਹਸਪਤਾਲ ਪ੍ਰਬੰਧਨ ਵੱਲੋਂ ਲਗਾਏ ਜਾਣਗੇ। ਇਸ ਲਈ ਜੰਗਲਾਤ ਵਿਭਾਗ ਵੱਲੋਂ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।ਇਨ੍ਹਾਂ ਪੌਦਿਆਂ ਨੂੰ ਲਗਾਉਣ ਲਈ ਥਾਂ ਸਿਵਲ ਹਸਪਤਾਲ ਪ੍ਰਬੰਧਨ ਦੇਵੇਗਾ ਜਿਸ ਵਿਚ 400 ਬੂਟੇ ਹਸਪਤਾਲ ਦੇ ਅੰਦਰ ਲਗਾਏ ਜਾਣਗੇ ਅਤੇ 900 ਪੌਦਾ ਜੰਗਲਾਤ ਵਿਭਾਗ ਵਲੋਂ ਦਿੱਤੀ ਜਾਣ ਵਾਲੀ ਥਾਂ ’ਤੇ ਲਗਾਇਆ ਜਾਵੇਗਾ। ਸਿਵਲ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਇਸ ਕੰਮ ਲਈ 23 ਲੱਖ ਰੁਪਏ ਜੰਗਲਾਤ ਵਿਭਾਗ ਨੂੰ ਦੇਣ ਲਈ ਅਦਾਲਤ ਵਿਚ ਜਮਾਂ ਵੀ ਕਰਵਾ ਦਿੱਤੇ ਗਏ ਹਨ। ਮੈਡੀਕਲ ਕਾਲਜ ਦੇ ਨਿਰਮਾਣ ਲਈ ਪਹੁੰਚੇ ਮਜ਼ਦੂਰਾਂ ਲਈ ਸਿਵਲ ਹਸਪਤਾਲ ਵਲੋਂ ਹੀ ਅੰਦਰ ਹੀ ਰਿਹਾਇਸ਼ੀ ਥਾਂ ਦਿੱਤੀ ਗਈ ਹੈ ਅਤੇ ਉਨ੍ਹਾਂ ਲਈ ਅਸਥਾਈ ਘਰ ਵੀ ਬਣਾਏ ਗਏ ਹਨ ਤੋਾਂ ਜੋ ਉਨ੍ਹਾਂ ਨੂੰ ਦੂਰ ਦੁਰਾਡੇ ਸਥਾਨਾਂ ਤੋਂ ਨਾ ਆਉਣਾ ਪਵੇ। ਮਲਬਾ ਹਟਾਉਣ ਦਾ ਕੰਮ ਵੀ ਇਹਹ ਮਜ਼ਦੂਰ ਕਰਨਗੇ। ਪੰਜ ਸਾਲਾਂ ਤੋਂ ਚੱਲ ਰਹੀ ਸਿਆਸੀ ਕਹਾਣੀ ਹੁਸ਼ਿਆਰਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਦੀ ਪਹਿਲੀ ਵੱਡੀ ਅਧਿਕਾਰਤ ਮਨਜ਼ੂਰੀ ਜਨਵਰੀ 2020 ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ। ਇਸ ਪ੍ਰਾਜੈਕਟ ਲਈ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਮੰਗ ਰੱਖੀ ਸੀ। ਤਤਕਾਲੀ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਵੀ ਇਸ ਦਾ ਸਿਹਰਾ ਲੈਣ ਦਾ ਦਾਅਵਾ ਕੀਤਾ, ਜਦਕਿ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਦੇ ਯਤਨਾਂ ਨੂੰ ਇਸ ਦਾ ਆਧਾਰ ਦੱਸਿਆ। ਮਾਰਚ 2020 ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿੱਚ ਫੰਡਾਂ ਦਾ ਐਲਾਨ ਕੀਤਾ। ਇਸ ਤੋਂ ਬਾਅਦ 2021 ਵਿੱਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਉਸਾਰੀ ਜਲਦ ਸ਼ੁਰੂ ਹੋਣ ਦਾ ਭਰੋਸਾ ਦਿੱਤਾ। 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਕਾਲਜ ਬਣਾਉਣ ਦਾ ਐਲਾਨ ਕੀਤਾ ਅਤੇ ਨਵੰਬਰ 2023 ਵਿੱਚ ਅਰਵਿੰਦ ਕੇਜਰੀਵਾਲ ਨਾਲ ਨੀਂਹ ਪੱਥਰ ਰੱਖਿਆ। ਐਮਬੀਬੀਐੱਸ ਦੀਆਂ 100 ਸੀਟਾਂ ਦੀ ਹੋਵੇਗੀ ਵਿਵਸਥਾ ਮਾਰਚ 2026 ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਸੀ ਕਿ ਇਸ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੂੰ 274.75 ਕਰੋੜ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਪ੍ਰਾਜੈਕਟ ਦਾ ਨਿਰਮਾਣ ਮਾਰਚ 2028 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਯੋਜਨਾ ਤਹਿਤ ਮੈਡੀਕਲ ਕਾਲਜ ਦੇ ਨਾਲ 300 ਬਿਸਤਰਿਆਂ ਵਾਲਾ ਹਸਪਤਾਲ ਵਿਕਸਤ ਕੀਤਾ ਜਾਣਾ ਹੈ। ਇਸ ਸੰਸਥਾ ਵਿੱਚ ਹਰ ਸਾਲ 100 ਐਮਬੀਬੀਐੱਸ ਸੀਟਾਂ ਦੀ ਵਿਵਸਥਾ ਕਰਨ ਦੀ ਤਜਵੀਜ਼ ਹੈ।