38 ਤਮਗੇ ਜਿੱਤਣ ਵਾਲਾ ਖਿਡਾਰੀ ਨੌਕਰੀ ਲਈ ਤਰਸਿਆ 38 ਤਮਗੇ ਜਿੱਤਣ ਵਾਲਾ ਖਿਡਾਰੀ ਨੌਕਰੀ ਲਈ ਤਰਸਿਆ
Publish Date: Mon, 26 Oct 2026 03:27 PM (IST)
Updated Date: Mon, 26 Oct 2026 03:31 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਖਿਡਾਰੀ ਸਾਲਾਂਬੱਧੀ ਸਖ਼ਤ ਮਿਹਨਤ ਕਰਦੇ ਹਨ। ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਆਸ ਵਿੱਚ ਆਪਣੀ ਜਮ੍ਹਾਂ ਪੂੰਜੀ ਤੱਕ ਖਰਚ ਕਰ ਦਿੰਦੇ ਹਨ, ਪਰ ਜਦੋਂ ਇਨ੍ਹਾਂ ਖਿਡਾਰੀਆਂ ਨੂੰ ਜ਼ਿੰਦਗੀ ਵਿੱਚ ਸਥਾਪਤ ਹੋਣ ਲਈ ਨੌਕਰੀ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹਾ ਹੀ ਮਾਮਲਾ 38 ਤਮਗੇ ਜਿੱਤਣ ਵਾਲੇ ਇੱਕ ਖਿਡਾਰੀ ਨਾਲ ਜੁੜਿਆ ਹੈ, ਜੋ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦੇ ਬਾਵਜੂਦ ਰੁਜ਼ਗਾਰ ਲਈ ਤਰਸ ਰਿਹਾ ਹੈ। ਖਿਡਾਰੀ ਅਜੇ ਕੁਮਾਰ ਨੇ ਅਆਪਣੇ ਪਿਤਾ ਪਿਤਾ ਰਾਮ ਬਲਕਾਰ ਅਤੇ ਮਾਤਾ ਕਮਲੇਸ਼ ਰਾਣੀ ਵਾਸੀ ਪੱਦੀ ਮੱਟਵਾਲੀ ਜਿਲ੍ਹਾਂ ਨਵਾਂਸ਼ਹਿਰ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਨੇ ਵੁਸ਼ੂ, ਕਿੱਕ ਬਾਕਸਿੰਗ ਅਤੇ ਪੈਨਾਚਿਕ ਸਲਾਟ ਵਰਗੀਆਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਨੈਸ਼ਨਲ ਪੱਧਰ ’ਤੇ 13 ਸੋਨੇ ਦੇ ਤਮਗੇ ਅਤੇ ਸੂਬਾ ਪੱਧਰ ’ਤੇ 25 ਤਮਗੇ ਜਿੱਤੇ ਹਨ। ਇਹ ਪ੍ਰਾਪਤੀਆਂ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦੀ ਗਵਾਹੀ ਭਰਦੀਆਂ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਅਨੁਸਾਰ ਬਣਦਾ ਮਾਣ-ਸਨਮਾਨ ਅਤੇ ਰੁਜ਼ਗਾਰ ਦੇ ਮੌਕੇ ਮਿਲਣਗੇ, ਪਰ ਇਸ ਮਾਮਲੇ ਵਿੱਚ ਨੌਕਰੀ ਦਾ ਸੁਪਨਾ ਅਜੇ ਵੀ ਅਧੂਰਾ ਹੈ। ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਪਿਤਾ ਨੇ ਲਾਈ ਜਮ੍ਹਾਂ ਪੂੰਜੀ ਖਿਡਾਰੀ ਦੇ ਪਿਤਾ ਰਾਮ ਬਲਕਾਰ ਨੇ ਆਪਣੇ ਪੁੱਤਰ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਆਪਣੀ ਸਾਰੀ ਜਮ੍ਹਾਂ ਪੂੰਜੀ ਖਰਚ ਕਰ ਦਿੱਤੀ। ਖੇਡ ਸਿਖਲਾਈ, ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਆਪਣੀ ਸਮਰੱਥਾ ਅਨੁਸਾਰ ਪੂਰਾ ਜ਼ੋਰ ਲਾਇਆ। ਪਿਤਾ ਨੂੰ ਉਮੀਦ ਸੀ ਕਿ ਪੁੱਤਰ ਦੀਆਂ ਪ੍ਰਾਪਤੀਆਂ ਇੱਕ ਦਿਨ ਉਸ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣਗੀਆਂ ਅਤੇ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਮੌਕਾ ਮਿਲੇਗਾ। ਪਿਤਾ ਨੇ ਕਿਹਾ ਕਿ ਜੇਕਰ ਖਿਡਾਰੀ ਕੌਮੀ ਅਤੇ ਸੂਬਾਈ ਪੱਧਰ ’ਤੇ ਤਮਗੇ ਜਿੱਤ ਕੇ ਵੀ ਰੁਜ਼ਗਾਰ ਲਈ ਸੰਘਰਸ਼ ਕਰਦੇ ਰਹਿਣ ਤਾਂ ਖੇਡਾਂ ਵਿੱਚ ਨੌਜਵਾਨਾਂ ਨੂੰ ਅੱਗੇ ਵਧਣ ਲਈ ਕਿਵੇਂ ਉਤਸ਼ਾਹਿਤ ਕੀਤਾ ਜਾਵੇਗਾ? ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਜਵਾਬ ’ਚ ਮਿਲਿਆ ਜੌਬ ਕਾਰਡ! ਨੌਕਰੀ ਦੀ ਆਸ ਵਿੱਚ ਅਜੇ ਕੁਮਾਰ ਨੇ ਖ਼ੁਦ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਗਈ। ਉਸ ਨੇ ਦੱਸਿਆ ਕਿ ਲਿਖ਼ੀ ਚਿੱਠੀ ਤੋਂ ਕੁੱਝ ਦਿਨ ਬਾਅਦ ਜਿਲ੍ਹਾ ਪ੍ਰਸ਼ਾਸਨ ਨਵਾਂਸ਼ਹਿਰ ਤੋਂ ਅਧਿਕਾਰੀਆਂ ਨੇ ਉਸ ਨੂੰ ਬੁਲਾਇਆ ਪਰ ਰੁਜ਼ਗਾਰ ਦਾ ਕਾਰਡ ਬਣਾ ਕੇ ਘਰ ਭੇਜ ਦਿੱਤਾ ਗਿਆ। ਪਰਿਵਾਰ ਲਈ ਇਹ ਕਾਰਵਾਈ ਨਿਰਾਸ਼ਾਜਨਕ ਰਹੀ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਖਿਡਾਰੀ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਉਸ ਨੂੰ ਨੌਕਰੀ ਜਾਂ ਰੁਜ਼ਗਾਰ ਸਬੰਧੀ ਕੋਈ ਠੋਸ ਰਾਹ ਦਿਖਾਇਆ ਜਾਵੇਗਾ। ਟ੍ਰੇਨਿੰਗ ਲੈਣ ਆਉਂਦੇ ਹਨ ਫ਼ੌਜ ਦੇ ਖਿਡਾਰੀ। ਅਜੇ ਨੇ ਦੱਸਿਆ ਕਿ ਫ਼ੌਜ ਦੇ ਕਈ ਖਿਡਾਰੀ ਉਸ ਕੋਲੋਂ ਟ੍ਰੇਨਿੰਗ ਲੈਣ ਲਈ ਪਿੰਡ ਆ ਚੁੱਕੇ ਹਨ ਪਰੰਤੂ ਨੌਕਰੀ ਦੇ ਨਾਮ ’ਤੇ ਉਸ ਨੂੰ ਲਾਰੇ ਹੀ ਮਿਲ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੇ ਅੱਜ ਤੱਕ ਗੋਲਡ ਮੈਡਲ ਹੀ ਜਿੱਤਿਆ। ਉਸ ਨੇ ਦੱਸਿਆ ਕਿ ਉਸ 2025 ਵਿਚ ਖ਼ੇਲੋ ਇੰਡੀਆਂ ਦੌਰਾਨ ਸੋਨ ਤਮਗਾ ਜਿੱਤਿਆ ਅਤੇ ਉਸ ਤੋਂ ਹਾਰਨ ਵਾਲੇ ਜੰਮੂ ਕਸ਼ਮੀਰ ਅਤੇ ਮਹਾਂਰਾਸ਼ਟਰ ਅਤੇ ਰਾਜਸਥਾਨ ਦੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਨੇ ਨੌਕਰੀ ਦੇ ਦਿੱਤੀ। ਸਰਕਾਰ ਤੋਂ ਇਨਸਾਫ਼ ਦੀ ਆਸ ਖਿਡਾਰੀ ਅਤੇ ਉਸ ਦੇ ਪਰਿਵਾਰ ਦੀ ਮੰਗ ਹੈ ਕਿ ਉਸ ਦੇ ਤਮਗਿਆਂ, ਖੇਡ ਪ੍ਰਾਪਤੀਆਂ ਅਤੇ ਯੋਗਤਾ ਦੀ ਜਾਂਚ ਕਰਕੇ ਲਾਗੂ ਨਿਯਮਾਂ ਅਨੁਸਾਰ ਨੌਕਰੀ ਲਈ ਉਸ ਦੇ ਕੇਸ ’ਤੇ ਵਿਚਾਰ ਕੀਤਾ ਜਾਵੇ। ਪਰਿਵਾਰ ਨੇ ਮੰਗ ਕੀਤੀ ਕਿ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਰਫ਼ ਸਰਟੀਫਿਕੇਟਾਂ ਅਤੇ ਤਮਗਿਆਂ ਤੱਕ ਸੀਮਤ ਨਾ ਰਹਿਣਾ ਪਵੇ, ਸਗੋਂ ਉਨ੍ਹਾਂ ਦੀ ਮਿਹਨਤ ਨੂੰ ਭਵਿੱਖ ਦੀ ਸੁਰੱਖਿਆ ਨਾਲ ਵੀ ਜੋੜਿਆ ਜਾ ਸਕੇ।