ਮਾਸਟਰ ਕੇਡਰ ਯੂਨੀਅਨ ਦੀ ਡੀਐੱਸਈ ਨਾਲ ਮਸਲਿਆਂ ਸਬੰਧੀ ਮੀਟਿੰਗ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ.ਐੱਸ.ਈ. ਪੰਜਾਬ ਨਾਲ ਕੇਡਰ ਦੇ ਮਸਲਿਆਂ ਸਬੰਧੀ ਮੀਟਿੰਗ
Publish Date: Sat, 28 Nov 2026 03:48 PM (IST)
Updated Date: Sat, 28 Nov 2026 03:50 PM (IST)
ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਵਫ਼ਦ ਦੀ ਮੀਟਿੰਗ ਸੂਬਾ ਸਰਪ੍ਰਸਤ ਹਰਭਜਨ ਸਿੰਘ ਅਤੇ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਅਗਵਾਈ ਹੇਠ ਡੀ.ਐੱਸ.ਈ. ਪੰਜਾਬ ਸਕੱਤਰ ਸਿੰਘ ਬੱਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਇਸ ਦੌਰਾਨ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਅਤੇ ਕੇਡਰ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ 4161 ਭਰਤੀ ਤਹਿਤ ਟਰਮੀਨੇਟ ਕੀਤੇ 253 ਅਧਿਆਪਕਾਂ ਦੇ ਹੁਕਮ ਰੱਦ ਕਰਨ ਦੀ ਮੰਗ ਰੱਖੀ ਗਈ, ਜਿਸ ’ਤੇ ਡੀ.ਐੱਸ.ਈ. ਨੇ 21 ਦਸੰਬਰ ਤੱਕ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਦਾ ਮਾਮਲਾ ਉਠਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਰੱਕੀਆਂ ’ਤੇ ਹਾਈਕੋਰਟ ਦੀ ਸਟੇਅ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਜਲਦ ਅਰਜ਼ੀ ਦਾਇਰ ਕੀਤੀ ਜਾਵੇਗੀ। ਈਟੀਟੀ ਤੋਂ ਮਾਸਟਰ ਕੇਡਰ ਵਿੱਚ ਤਰੱਕੀ ਪ੍ਰਾਪਤ ਅਧਿਆਪਕਾਂ ਦੀਆਂ ਰਹਿੰਦੀਆਂ ਐਡਜਸਟਮੈਂਟਾਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਸਕੂਲਾਂ ਵਿੱਚ ਕਲਰਕਾਂ ਦੀ ਭਰਤੀ, ਪੀਡੀਐੱਸ-41 ਅਤੇ ਈਡੀਐੱਸ-83 ਦੇ ਪੈਂਡਿੰਗ ਬਿੱਲਾਂ ਸਬੰਧੀ ਦੱਸਿਆ ਗਿਆ ਕਿ 50 ਕਰੋੜ ਰੁਪਏ ਦੇ ਬਿੱਲ ਪਾਸ ਹੋ ਚੁੱਕੇ ਹਨ। ਸਾਰੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਦੀ ਇੱਕ ਅਸਾਮੀ ਬਦਲ ਕੇ ਅੰਗਰੇਜ਼ੀ ਦੀ ਅਸਾਮੀ ਦੇਣ ਬਾਰੇ ਵੀ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਐੱਸਐੱਸਏ/ਰਮਸਾ ਅਧਿਆਪਕਾਂ ਦੀਆਂ ਛੁੱਟੀਆਂ, ਮੈਡੀਕਲ ਬਿੱਲਾਂ, ਡਬਲ ਡਿਊਟੀਆਂ, ਗ੍ਰਾਂਟਾਂ ਅਤੇ ਅਕਾਊਂਟੈਂਟਾਂ ਦੇ ਡੀਏ ਸਬੰਧੀ ਮਸਲੇ ਵੀ ਵਿਚਾਰੇ ਗਏ। ਇਸ ਮੌਕੇ ਸਹਾਇਕ ਡਾਇਰੈਕਟਰ ਮਹੇਸ਼ ਕਪਲਾ ਸਮੇਤ ਯੂਨੀਅਨ ਦੇ ਕਈ ਅਹੁਦੇਦਾਰ ਮੌਜੂਦ ਸਨ।