ਵਿਸ਼ੇਸ ਲੋਕ ਅਦਾਲਤ ‘ਚ 554 ਕੇਸਾਂ ਦੀ ਸੁਣਵਾਈ , 226 ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਵਿਸ਼ੇਸ ਲੋਕ ਅਦਾਲਤ ‘ਚ 554 ਕੇਸਾਂ ਦੀ ਸੁਣਵਾਈ , 226 ਕੇਸਾਂ ਦਾ ਮੌਕੇ ‘ਤੇ ਨਿਪਟਾਰਾ
Publish Date: Sat, 21 Nov 2026 06:09 PM (IST)
Updated Date: Sat, 21 Nov 2026 06:10 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਦੂਜੀ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਐਨ.ਆਈ ਐਕਟ ਕੇਸਾ ਅਧੀਨ ਧਾਰਾ 138,(ਲੰਬਿਤ) ਕੇਸ ਰੱਖੇ ਗਏ। ਇਹ ਲੋਕ ਅਦਾਲਤ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ, ਰਜਿੰਦਰ ਅਗਰਵਾਲ ਦੀ ਯੋਗ ਅਗਵਾਈ ਹੇਠਾਂ ਲਗਾਈ ਗਈ ਹੈ। ਇਸ ਲੋਕ ਅਦਾਲਤ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ‘ਤੇ ਜੂਡੀਸ਼ੀਅਲ ਕੋਰਟਾਂ ਦੇ ਕੁੱਲ 10 ਬੈਂਚ ਬਣਾਏ ਗਏ, ਜਿਨਾਂ ਵਿਚੋਂ ਹੁਸ਼ਿਆਰਪੁਰ ਜੂਡੀਸ਼ੀਅਲ ਕੋਰਟਾਂ ਦੇ 04 ਬੈਂਚ, ਸਬ ਡਵੀਜਨ ਦਸੂਹਾ ਵਿਖੇ 02 ਬੈਂਚ, ਮੁਕੇਰੀਆਂ ਵਿਖੇ 03 ਅਤੇ ਗੜ੍ਹਸ਼ੰਕਰ ਵਿਖੇ 01 ਬੈਂਚ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੀ ਵਿਸ਼ੇਸ ਲੋਕ ਅਦਾਲਤ ਵਿੱਚ 554 ਕੇਸਾਂ ਦੀ ਸੁਣਵਾਈ ਹੋਈ, 226 ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਅਤੇ ਧਿਰਾਂ ਦੇ ਕੁੱਲ 47669555 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਲੋਕ ਅਦਾਲਤ ਵਿੱਚ ਇੱਕ ਫੌਜਦਾਰੀ ਅਪੀਲ, ਜੋ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਦਸੂਹਾ ਵੱਲੋਂ ਮਿਤੀ 07 ਅਗਸਤ,2023 ਨੂੰ ਸੁਣਾਏ ਗਏ ਫੈਸਲੇ ਦੇ ਵਿਰੁੱਧ ਦਾਇਰ ਕੀਤੀ ਗਈ ਸੀ, ਜਿਸ ਦਾ ਸੀ.ਆਈ.ਐਸ ਨੰਬਰ ਸੀ.ਆਰ .ਏ./244/2023, ਕੇਸ ਬਾਬਤ ਪਰਮਿੰਦਰ ਕੌਰ ਬਨਾਮ ਹਰਦੀਪ ਸਿੰਘ ਸੀ, ਜੋ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ਼ ਦੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਇਸ ਵਿਵਾਦ ਦੀ ਸ਼ੁਰੂਆਤ ਸਾਲ 2019 ਵਿੱਚ ਹੋਈ ਸੀ, ਜਦੋਂ ਸ਼ਿਕਾਇਤ ਕਰਤਾ ਹਰਦੀਪ ਸਿੰਘ ਵੱਲੋਂ ਮੁਲਜ਼ਮ ਪਰਮਿੰਦਰ ਕੌਰ ਦੇ ਵਿਰੁੱਧ ਧਾਰਾ 138 ਐਨ.ਆਈ. ਐਕਟ ਅਧੀਨ ਸ਼ਿਕਾਇਤ ਦਾਇਰ ਕੀਤੀ ਗਈ ਸੀ, ਅਖੀਰ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੇ ਯਤਨਾਂ ਸਦਕਾ, ਮਿਤੀ 29 ਸਤੰਬਰ, 2026 ਨੂੰ ਲਗਾਈ ਗਈ ਪ੍ਰੀ-ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ। ਜਿਸ ਅਨੁਸਾਰ ਅਪੀਲਕਰਤਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਵੱਲੋਂ ਸ਼ਿਕਾਇਤ ਕਰਤਾ ਸਵ: ਹਰਦੀਪ ਸਿੰਘ ਦੀ ਪਤਨੀ ਰਜਵੰਤ ਕੌਰ ਨੂੰ 2,10,000 ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਵਿਵਾਦ ਦਾ ਨਿਪਟਾਰਾ ਕਰ ਲਿਆ ਗਿਆ ਹੈ। ਉਸ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਕਿ ਅਦਾਲਤ ਵਿੱਚ ਜਮ੍ਹਾਂ ਪਈ 60,000 ਰੁਪਏ ਦੀ ਰਕਮ ਸ਼ਿਕਾਇਤਕਰਤਾ ਸਵ: ਹਰਦੀਪ ਸਿੰਘ ਦੀ ਪਤਨੀ ਰਜਵੰਤ ਕੌਰ ਨੂੰ ਅਦਾ ਕੀਤੀ ਜਾਵੇ। ਉਕਤ ਮਾਮਲੇ ਦਾ ਅੰਤਿਮ ਨਿਪਟਾਰਾ ਵਿਸ਼ੇਸ਼ ਲੋਕ ਅਦਾਲਤ ’ਚ ਅਡੀਸ਼ਨਲ ਸ਼ੈਸਨ ਜੱਜ ਹੁਸ਼ਿਆਰਪੁਰ ਗੁਰਮੋਹਨ ਸਿੰਘ ਅਤੇ ਅਡੀਸ਼ਨਲ ਸ਼ੈਸਨ ਜੱਜ ਹੁਸ਼ਿਆਰਪੁਰ ਰਾਜ ਪਾਲ ਰਾਵਲ ਦੇ ਬੈਂਚ ਨੰਬਰ 03 ਨੇ ਜ਼ਿਲ੍ਹਾ ਅਤੇ ਸੈਸਨ ਜੱਜ ਹੁਸ਼ਿਆਰਪੁਰ ਵਲੋਂ ਉਕਤ ਸਮਝੌਤੇ ਦੇ ਅਨੁਸਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋਣ ਕਾਰਨ ਉਕਤ ਵਿਵਾਦ ਅਤੇ ਮੁਕੱਦਮੇਬਾਜ਼ੀ ਦਾ ਅੰਤ ਹੋ ਗਿਆ।