ਸਾਹਿਤ ਸਭਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਮਤੇ ਪਾਸ ਸਾਹਿਤ ਸਭਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਮਤੇ ਪਾਸ
Publish Date: Sun, 18 Oct 2026 06:01 PM (IST)
Updated Date: Sun, 18 Oct 2026 06:03 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬੀ ਸਾਹਿਤ ਸਭਾ ਮੁਕੇਰੀਆਂ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤਕ ਇਕੱਤਰਤਾ ਕਰਵਾਈ ਗਈ, ਜਿਸ ਵਿੱਚ ਮੁਕੇਰੀਆਂ ਸਮੇਤ ਗੁਰਦਾਸਪੁਰ, ਟਾਂਡਾ ਉੜਮੁੜ, ਦਸੂਹਾ ਅਤੇ ਗੜ੍ਹਦੀਵਾਲ ਦੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੇ 30 ਤੋਂ 40 ਲੇਖਕਾਂ ਤੇ ਕਵੀਆਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਅਹਿਮ ਮਤੇ ਪਾਸ ਕੀਤੇ ਗਏ। ਸਭਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਨਪੁਰੀ ਨੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਇਕੱਤਰਤਾ ਦਾ ਏਜੰਡਾ ਪੇਸ਼ ਕੀਤਾ। ਇਸ ਮੌਕੇ ਮੱਖਣ ਕੁਹਾੜ, ਪੰਮੀ ਦਵੇਦੀ, ਅਮਰਜੀਤ ਦਸੂਹਾ, ਡਾ. ਸਰਬਜੋਤ ਸਿੰਘ, ਪ੍ਰੋ. ਡਾ. ਸਤਬੀਰ ਸਿੰਘ, ਡਾ. ਕਿਰਨਜੀਤ ਕੌਰ, ਡਾ. ਮਨਿੰਦਰਜੀਤ ਕੌਰ, ਬਲਜੀਤ ਸੈਣੀ, ਮਨਦੀਪ ਕੌਰ, ਡਾ. ਸੋਨੀਆ ਦੇਵੀ, ਡਾ. ਜਨਕ ਰਾਜ ਭਾਟੀਆ, ਕੇਐੱਸ ਅਮਰ, ਵਿਨੋਦ ਵਸਲ, ਰਾਣਾ ਰੋਪੜੀ ਅਤੇ ਹੋਰ ਸਾਹਿਤਕਾਰਾਂ ਨੇ ਸਰਗਰਮ ਸ਼ਮੂਲੀਅਤ ਕੀਤੀ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਸਰਕਾਰੀ ਕੰਮਕਾਜ ਅਤੇ ਅਦਾਲਤਾਂ ਵਿੱਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਵਿੱਚ ਮਾਤ-ਭਾਸ਼ਾ ਨੂੰ ਬਣਦਾ ਸਥਾਨ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਅਤੇ ਨਵੰਬਰ 2027 ਵਿੱਚ ਲਾਹੌਰ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪੰਜਾਬੀ ਲੇਖਕਾਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਗਈ। ਇਕੱਤਰਤਾ ਵਿੱਚ 4 ਤੋਂ 6 ਨਵੰਬਰ ਤੱਕ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਹੋਣ ਵਾਲੇ ਕੰਢੀ-ਬਿਆਸ ਸਾਹਿਤ ਉਤਸਵ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।