- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਹਾਲੀ ਦੀ ਗਾਥਾ ਰੋ ਰਹੀਆਂ ਹਰਿਆਣਾ ਦੀਆਂ ਲਿੰਕ ਸੜਕਾਂ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਪਿੱਛੋਂ ਕਸਬਾ ਹਰਿਆਣਾ ਨੂੰ ਵੱਖ-ਵੱਖ ਪਿੰਡਾਂ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ ’ਤੇ ਹੰਝੂ ਵਹਾਉਣ ਲਈ ਮਜਬੂਰ ਹਨ। 2022 ਦੀਆਂ ਚੋਣਾਂ ਤੋਂ ਪਹਿਲਾਂ ਇਨ੍ਹਾਂ ਲਿੰਕ ਸੜਕਾਂ ਦੀ ਮਾੜੀ ਹਾਲਤ ਦੀ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਨਾਲ ਲੈ ਕੇ ਧਰਨੇ ਮੁਜ਼ਾਹਰੇ ਕਰਦੇ ਰਹੇ ਹਨ। ਆਪਣੇ ਸਾਢੇ ਚਾਰ ਸਾਲ ਦੇ ਸ਼ਾਸਨ ਦੌਰਾਨ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਨੂੰ ਕਸਬਾ ਹਰਿਆਣਾ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਦਸ਼ਾ ਨਹੀਂ ਸੁਧਾਰ ਸਕੀ। ਭਾਵੇਂ ਆਪ ਸਰਕਾਰ ਵੱਲੋਂ ਕਸਬੇ ਦੇ ਅੰਦਰ ਤੇ ਬਾਹਰ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਵੀ ਕੀਤਾ ਹੋਇਆ ਹੈ, ਪਰ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦਾ ਕੰਮ ਜੂੰ ਦੀ ਚਾਲੇ ਚਲਦਾ ਹੋਣ ਕਰ ਕੇ ਇਹ ਲਗਾਤਾਰ ਲੋਕਾਂ ਤੇ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਦੇ ਦੁੱਖ ਵਧਾਉਣ ਦਾ ਕਾਰਨ ਬਣਦਾ ਜਾ ਰਿਹਾ ਹੈ। ਬਹੁਤੀਆ ਸੜਕਾਂ ’ਤੇ ਨਵੇਂ ਨਿਰਮਾਣ ਲਈ ਵਿਛਾਏ ਵੱਟੇ ਤੇ ਪੱਥਰ ਸੜਕਾਂ ’ਤੇ ਬਜਰੀ ਨਾ ਪੈਣ ਕਰ ਕੇ ਭੁੜਕ-ਭੁੜਕ ਕੇ ਮੱਥਿਆਂ ’ਤੇ ਵੱਜਦੇ ਸਰਕਾਰ ਦੇ ਵਿਕਾਸ ਦੀਆਂ ਬਾਤਾਂ ਪਾਉਂਦੇ ਦਿਖਾਈ ਦਿੰਦੇ ਹਨ।
ਲਿੰਕ ਸੜਕਾਂ ਦੀ ਗਾਥਾ : ਹਰਿਆਣਾ ਦੇ ਕਈ ਵਾਰਡਾਂ ਤੇ ਇਲਾਕੇ ਦੇ ਕਈ ਪਿੰਡਾਂ ਨੂੰ ਮੁੱਖ ਸੜਕ ਨਾਲ ਜੋੜਨ ਵਾਲੀ ਦੁਸ਼ਹਿਰਾ ਗਰਾਊਂਡ ਤੋਂ ਗੁਰਦੁਆਰਾ ਬਾਬਾ ਬੁੱਢਾ ਜੀ ਵੱਲ ਜਾਂਦੀ ਤੇ ਕਈ ਮਹੀਨੇ ਬੀਤ ਜਾਣ ਪਿੱਛੋਂ ਇਸ ਸੜਕ ਦੇ ਇੱਕ ਪਾਸੇ ਹੀ ਪੱਕੇ ਬਲਾਕ ਲੱਗ ਸਕੇ ਹਨ। ਇਸੇ ਸੜਕ ਤੋਂ ਅੱਗੇ ਗੁੱਗਾ ਪੱਤੀ ਮੋੜ ਤੋਂ ਗਊਸ਼ਾਲਾ ਵੱਲ ਜਾਂਦੀ ਪੱਕੀ ਸੜਕ, ਕਣਕ ਮੰਡੀ ਹਰਿਆਣਾ ਤੋਂ ਵਾਇਆ ਸੁਰਿੰਦਰ ਹਸਪਤਾਲ ਜਾਂਦੀ ਲਿੰਕ ਸੜਕ, ਹਰਿਆਣਾ ਤੋਂ ਢੱਕੀ ਵੱਲ, ਹਰਿਆਣਾ ਤੋਂ ਜਨੌੜੀ ਵੱਲ ਜਾਂਦੀ ਲਿੰਕ ਸੜਕ ’ਤੇ ਕਈ ਮਹੀਨਿਆਂ ਤੋਂ ਹੀਰਾ ਕਾਲੋਨੀ ਨੇੜੇ ਸਲੈਬਾਂ ਪਾਉਣ ਦਾ ਕੰਮ ਪੂਰਾ ਨਾ ਹੋਣ ਕਰ ਕੇ ਲੋਕਾਂ ਦੀ ਆਵਾਜਾਈ ਦੇ ਯੋਗ ਨਹੀ ਹੋ ਸਕੀ। ਕਸਬਾ ਹਰਿਆਣਾ ਵਿਖੇ ਹੀਰਾ ਕਾਲੋਨੀ ਕੋਲੋਂ ਲੰਘਦੀ ਸੜਕ ਦੀ ਖਸਤਾ ਹਾਲਤ ਵੀ ਸਮੇਂ-ਸਮੇਂ ਸਿਰ ਚੋਣਾਂ ਦਾ ਮੁੱਦਾ ਬਣਦੀ ਰਹੀ ਹੈ, ਪਰ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ਵਾਲੀ ਪਾਰਟੀ ਲੋਕਾਂ ਨੂੰ ਸੜਕੀ ਸਹੂਲਤ ਦੇਣ ਵਾਲੇ ਵਾਅਦਿਆਂ ਨੂੰ ਅਕਸਰ ਭੁੱਲ ਜਾਂਦੀ ਹੈ।
ਕੀ ਕਹਿੰਦੇ ਹਨ ਸਾਬਕਾ ਵਿਧਾਇਕ ਪਵਨ ਆਦੀਆ : ਸ਼ਾਮ ਚੌਰਾਸੀ ਦੇ ਸਾਬਕਾ ਵਿਧਾਇਕ ਪਵਨ ਆਦੀਆ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਅਖੌਤੀ ਬਦਲਾਅ ਦੇ ਵਾਅਦੇ ਇਨ੍ਹਾਂ ਦੇ ਸ਼ਾਸਨ ਦੌਰਾਨ ਹਵਾ ਹੋ ਕੇ ਰਹਿ ਗਏ ਹਨ ਤੇ ਪੰਜਾਬ ਦੇ ਲੋਕਾਂ ਵੱਲੋਂ ਬਣਾਏ ਮੰਤਰੀ ਤੇ ਵਿਧਾਇਕਾਂ ਨੇ ਆਪਣੇ 5 ਸਾਲ ਦਾ ਸਮਾਂ ਗੂੰਗੇ ਤੇ ਬੋਲੇ ਬਣ ਕੇ ਲੰਘਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀ ਤੇ ਵਿਧਾਇਕ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਦੂਜੇ ਸੂਬਿਆਂ ਦੇ ਨਕਾਰੇ ਹੋਏ ਆਪ ਆਗੂਆਂ ਮੂਹਰੇ ਬੋਲਣ ਦੀ ਜੁਰਅਤ ਨਹੀਂ ਰੱਖਦੇ, ਉਹ ਸੂਬੇ ਦੇ ਲੋਕਾਂ ਦੀ ਹਿੱਤਾਂ ਲਈ ਕਿਵੇਂ ਲੜਨਗੇ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮ ਚੌਰਾਸੀ ਦਾ ਲੋਕਾਂ ਦੁਆਰਾ ਚੁਣਿਆ ਨੁਮਾਇੰਦਾ ਆਪਣੀ ਸਰਕਾਰੀ ਕੋਠੀ ਨੂੰ ਤਾਂ ਆਪਣੇ ਅਧਿਕਾਰ ਵਿੱਚ ਨਹੀਂ ਰੱਖ ਸਕਿਆ, ਅਜਿਹਾ ਆਗੂ ਆਪਣੇ ਪੂਰੇ ਹਲਕੇ ਦੇ ਲੋਕਾਂ ਦੇ ਮਸਲਿਆਂ ਨੂੰ ਕਿਵੇਂ ਦੂਰ ਕਰ ਸਕਦਾ ਹੈ।
ਕੀ ਕਹਿੰਦੇ ਨੇ ਠੇਕੇਦਾਰ : ਗੁਰਦੁਆਰਾ ਬਾਬਾ ਬੁੱਢਾ ਜੀ ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਬਲੌਕ ਲੱਗਣ ਦੇ ਇੱਕ ਮਹੀਨੇ ਤੋਂ ਬੰਦ ਪਏ ਕੰਮ ਬਾਰੇ ਠੇਕੇਦਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੀਤੇ ਗਏ ਕੰਮ ਦੇ ਹਾਲੇ ਤੱਕ ਪੈਸੇ ਨਹੀਂ ਦਿੱਤੇ ਗਏ, ਜਿਸ ਕਾਰਨ ਕੰਮ ਬੰਦ ਕੀਤਾ ਹੋਇਆ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਕਿਸੇ ਕੰਮ ਵਿੱਚ ਵਿਅਸਤ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ ਗਿਆ।