‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਉਤਸ਼ਾਹ ਨਾਲ ਆਗਾਜ਼ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਉਤਸ਼ਾਹ ਨਾਲ ਆਗਾਜ਼
Publish Date: Mon, 07 Sep 2026 06:06 PM (IST)
Updated Date: Tue, 08 Sep 2026 04:04 AM (IST)
-ਪਹਿਲੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਕਰੀਬ 1500 ਖਿਡਾਰੀਆਂ ਨੇ ਲਿਆ ਭਾਗ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4’ ਤਹਿਤ ਕੱਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਪਹਿਲੇ ਦਿਨ ਖਿਡਾਰੀਆਂ ਨੇ ਐਥਲੈਟਿਕਸ, ਖੋ-ਖੋ, ਕਬੱਡੀ (ਸਰਕਲ ਸਟਾਈਲ), ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਅਤੇ ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲੇ 7 ਤੋਂ 9 ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਜ਼ਿਲ੍ਹੇ ਵਿੱਚ ਕਰੀਬ 1500 ਖਿਡਾਰੀਆਂ ਨੇ ਭਾਗ ਲਿਆ, ਜੋ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਵੱਧ ਰਹੇ ਉਤਸ਼ਾਹ ਨੂੰ ਦਰਸਾਉਂਦਾ ਹੈ। ਬਲਾਕ ਹੁਸ਼ਿਆਰਪੁਰ-2 ਦੇ ਪਿੰਡ ਬੋਹਣ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਖੇਡ ਮੁਕਾਬਲਿਆਂ ਦਾ ਉਦਘਾਟਨ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇੱਥੇ ਅੰਡਰ-21 ਐਥਲੈਟਿਕਸ ਦੀ 100 ਮੀਟਰ ਦੌੜ ਵਿੱਚ ਗੋਪੀ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਖੇਡ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਅਤੇ ਓਐਸਡੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਇਸ ਮੌਕੇ ਐਸਡੀਐਮ ਗੜ੍ਹਸ਼ੰਕਰ ਸੰਜੀਵ ਕੁਮਾਰ ਵੀ ਮੌਜੂਦ ਰਹੇ। ਅੰਡਰ-17 ਲੜਕਿਆਂ ਦੀ 100 ਮੀਟਰ ਦੌੜ ਵਿੱਚ ਰੋਹਿਤ ਸ਼ਰਮਾ ਨੇ ਪਹਿਲਾ, ਹਰਜਾਪ ਸਿੰਘ ਨੇ ਦੂਜਾ ਅਤੇ ਤੁਸ਼ਾਰ ਚੌਧਰੀ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਵਿੱਚ ਵਿਧਾਇਕ ਟਾਂਡਾ ਜਸਬੀਰ ਸਿੰਘ ਰਾਜਾ ਨੇ ਖੇਡਾਂ ਦਾ ਉਦਘਾਟਨ ਕੀਤਾ। ਅੰਡਰ-14 ਲੜਕੀਆਂ ਦੀ 600 ਮੀਟਰ ਦੌੜ ਵਿੱਚ ਦੀਪਿਕਾ ਨੇ ਪਹਿਲਾ, ਮਾਨਵੀ ਸੈਣੀ ਨੇ ਦੂਜਾ ਅਤੇ ਮਨਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਲਾਕ ਮੁਕੇਰੀਆਂ ਦੇ ਕੈਂਪ ਗਰਾਊਂਡ ਵਿੱਚ ਹਲਕਾ ਇੰਚਾਰਜ ਮੁਕੇਰੀਆਂ ਸਰਬਜੀਤ ਸਿੰਘ ਸਾਬੀ ਨੇ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ। ਅੰਡਰ-21 ਤੋਂ 30 ਸਾਲ ਉਮਰ ਵਰਗ ਦੇ ਲੜਕਿਆਂ ਦੀ 800 ਮੀਟਰ ਦੌੜ ਵਿੱਚ ਸਾਹਿਲਪ੍ਰੀਤ ਸਿੰਘ ਨੇ ਪਹਿਲਾ, ਰਾਹੁਲ ਸਿੰਘ ਨੇ ਦੂਜਾ ਅਤੇ ਮਨਹਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸੇ ਕਲੋਤਾ ਦੀ ਟੀਮ ਨੇ ਪਹਿਲਾ, ਹਰਦੋ ਖੁੰਦਪੁਰ ਨੇ ਦੂਜਾ ਅਤੇ ਹਰਸੇ ਮਾਨਸਰ ਕਲੱਬ ਨੇ ਤੀਜਾ ਸਥਾਨ ਹਾਸਲ ਕੀਤਾ।