ਕ੍ਰਿਕੇਟ ਟੀਮ ਨੇ ਮੁਕਾਬਲੇ ’ਚ ਜਿੱਤਿਆ ਸੋਨ ਤਮਗ਼ਾ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ
Publish Date: Thu, 19 Nov 2026 03:46 PM (IST)
Updated Date: Thu, 19 Nov 2026 03:48 PM (IST)
ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਲੜਕਿਆਂ ਦੀ ਕ੍ਰਿਕਟ ਟੀਮ ਨੇ 11 ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਅੰਤਰ-ਕਾਲਜ ਕ੍ਰਿਕਟ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗ਼ਾ ਜਿੱਤਿਆ। ਇਸ ਮਾਣਮੱਤੀ ਪ੍ਰਾਪਤੀ ਨਾਲ ਕਾਲਜ ਦਾ ਨਾਮ ਖੇਡ ਜਗਤ ਵਿੱਚ ਰੌਸ਼ਨ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਮਿਹਨਤ, ਅਨੁਸ਼ਾਸਨ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਟੀਮ ਦੀ ਅਗਵਾਈ ਕਪਤਾਨ ਰਾਘਵ ਸ਼ਰਮਾ ਨੇ ਕੀਤੀ, ਜਦਕਿ ਕੁਲਜੀਤ ਸਿੰਘ ਉਪ-ਕਪਤਾਨ ਰਹੇ। ਟੀਮ ਵਿੱਚ ਵਸੀਮ ਸਿੰਘ, ਗਗਨਦੀਪ ਸਿੰਘ, ਹਰਕੀਰਤ ਸਿੰਘ, ਹਰਮਨਜੀਤ ਸਿੰਘ, ਅਭੈ ਪਠਾਨੀਆ, ਸਰਬਜੀਤ ਸਿੰਘ, ਮਨਮੀਤ ਸਿੰਘ, ਮਨਪ੍ਰੀਤ ਸਿੰਘ, ਹਰਕਮਲ ਸਿੰਘ, ਜਸਦੀਪ ਸਿੰਘ, ਜਸਕਰਨ ਸਿੰਘ, ਅੰਸ਼ ਖੰਨਾ, ਤਨਿਸ਼ ਅਤੇ ਅੰਸ਼ੂ ਮਾਲੀਆ ਸ਼ਾਮਲ ਸਨ। ਇਸ ਮੌਕੇ ਪ੍ਰਿੰਸੀਪਲ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਦੀਆਂ ਹਨ। ਐਡਵੋਕੇਟ ਧਾਮੀ ਅਤੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਖਿਡਾਰੀਆਂ ਅਤੇ ਖੇਡ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਸਰੀਰਕ ਸਿੱਖਿਆ ਵਿਭਾਗ ਦੀ ਅਧਿਆਪਕਾ ਸੀਮਾ ਕੁਮਾਰੀ ਨੇ ਇਸ ਜਿੱਤ ਨੂੰ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਸਮੂਹਿਕ ਯਤਨਾਂ ਦਾ ਨਤੀਜਾ ਦੱਸਿਆ। ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ।