ਗੰਨੇ ਦੇ ਬਕਾਏ ਸਬੰਧੀ 20 ਤੋਂ ਕੌਮੀ ਮਾਰਗ ਤੇ ਰੇਲਵੇ ਲਾਈਨ ਜਾਮ : ਚੌਹਾਨ, ਮੱਲ੍ਹੀਨੰਗਲ
ਗੰਨੇ ਦੇ ਰੇਟ ਤੇ ਬਕਾਏ ਨੂੰ ਲੈ ਕੇ 20 ਨਵੰਬਰ ਤੋਂ ਕੌਮੀ ਮਾਰਗ ਤੇ ਰੇਲਵੇ ਲਾਈਨ ਹੋਵੇਗੀ ਜਾਮ : ਚੌਹਾਨ, ਮੱਲ੍ਹੀਨੰਗਲ
Publish Date: Tue, 10 Nov 2026 04:11 PM (IST)
Updated Date: Tue, 10 Nov 2026 04:12 PM (IST)
ਐਸਕੇਐਮ ਨਾਲ ਲਿਖਤੀ ਵਾਅਦਾ ਕਰਕੇ ਮੁਕਰੇ ਖੇਤੀਬਾੜੀ ਮੰਤਰੀ ਖੁੱਡੀਆਂ ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਮੈਂਬਰ ਜੰਗਵੀਰ ਸਿੰਘ ਚੌਹਾਨ ਅਤੇ ਬਲਵਿੰਦਰ ਸਿੰਘ ਮੱਲ੍ਹੀਨੰਗਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਣ ਕਾਰਨ 20 ਨਵੰਬਰ ਤੋਂ ਜਲੰਧਰ ਦੇ ਧੰਨੋਵਾਲੀ ਫਾਟਕ ਵਿਖੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਅਤੇ ਰੇਲਵੇ ਲਾਈਨ ਅਣਮਿੱਥੇ ਸਮੇਂ ਲਈ ਜਾਮ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੀ ਗੰਨੇ ਦੀ ਕਰੀਬ 7 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਅਜੇ ਤੱਕ ਜਾਰੀ ਨਹੀਂ ਹੋਈ। ਇਸ ਤੋਂ ਇਲਾਵਾ ਸਰਕਾਰ ਨੇ ਗੰਨੇ ਦੇ ਰੇਟ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਖੰਡ ਮਿੱਲਾਂ ਚਲਾਉਣ ਦੀ ਤਰੀਕ ਐਲਾਨੀ ਹੈ। ਇੱਕ ਕਾਊਂਟਰ, ਇੱਕ ਪੇਮੈਂਟ ਦੀ ਮੰਗ ਵੀ ਅਧੂਰੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਵਿਖੇ ਧਰਨੇ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਹਫ਼ਤੇ ਵਿੱਚ ਮੰਗਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ, ਪਰ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 18 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।