- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਪ੍ਰਸ਼ਾਸਨ ਹਰਕਤ ’ਚ, ਲਗਵਾਏ ਲੋਹੇ ਦੇ ਚੈਨਲ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਮੁਕੇਰੀਆਂ ਹਾਈਡਲ ਨਹਿਰ ਦੇ ਆਰਡੀ-8880 ਪੁਲ ਰਾਹੀਂ ਓਵਰਲੋਡ ਟਿੱਪਰਾਂ ਦੀ ਬੇਰੋਕ ਆਵਾਜਾਈ ਅਤੇ ਨਹਿਰੀ ਢਾਂਚੇ ਦੀ ਸੁਰੱਖਿਆ ਸਬੰਧੀ ‘ਪੰਜਾਬੀ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਗਏ ਮੁੱਦੇ ਦਾ ਅਸਰ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਕਾਂਗਰਸ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ, ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ ਅਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਉਲਾਹਾ ਨੇ ਦੱਸਿਆ ਕਿ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਹਰਕਤ ਵਿੱਚ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਸਬੰਧਿਤ ਰਸਤੇ ’ਤੇ ਲੋਹੇ ਦੇ ਚੈਨਲ ਲਗਵਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 25 ਅਕਤੂਬਰ ਦੇ ਅੰਕ ਵਿੱਚ ‘ਸੀਬੀਆਈ ਜਾਂਚ ਦੇ ਬਾਵਜੂਦ ਓਵਰਲੋਡ ਟਿੱਪਰਾਂ ਦੀ ਦਹਿਸ਼ਤ ਬਰਕਰਾਰ’ ਸਿਰਲੇਖ ਹੇਠ ਪ੍ਰਕਾਸ਼ਿਤ ਖ਼ਬਰ ਵਿੱਚ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਅਤੇ ਆਰਡੀ-8880 ਪੁਲ ਨੇੜੇ ਓਵਰਲੋਡ ਟਿੱਪਰ ਪਲਟਣ ਦਾ ਮਾਮਲਾ ਉਜਾਗਰ ਕੀਤਾ ਗਿਆ ਸੀ। ਜਿਸ ਵਿੱਚ ਆਗੂਆਂ ਵੱਲੋਂ ਸੀਬੀਆਈ ਜਾਂਚ ਦੇ ਦਰਮਿਆਨ ਹਿਮਾਚਲ ਪ੍ਰਦੇਸ਼ ਵੱਲੋਂ ਕਥਿਤ ਨਾਜਾਇਜ਼ ਤੌਰ ਉੱਤੇ ਹੋ ਰਹੀ ਮਾਈਨਿੰਗ ਸਮੱਗਰੀ ਦੀ ਸਪਲਾਈ ਅਤੇ ਪੁਲ ਦੀ ਸੁਰੱਖਿਆ ਨੂੰ ਲੈ ਕੇ ਪ੍ਰਗਟਾਈਆਂ ਚਿੰਤਾਵਾਂ ਅਤੇ ਲੋਹੇ ਦੇ ਚੈਨਲ ਲਗਾਉਣ ਦੀ ਮੰਗ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਆਗੂਆਂ ਨੇ ‘ਪੰਜਾਬੀ ਜਾਗਰਣ’ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਪੁਲ ਰਾਹੀਂ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਵਿੱਚ ਮਦਦ ਮਿਲਣ ਦੀ ਉਮੀਦ ਹੈ।