ਕਰਾਟੇ ਮੁਕਾਬਲੇ ’ਚ ਜਗਮੋਹਨ ਵਿਜ ਨੇ ਨਿਭਾਈਆਂ ਰੈਫਰੀ ਦੀਆਂ ਸੇਵਾਵਾਂ
ਜਾਰਜੀਆ ਵਿੱਚ ਹੋਏ ਕੌਮਾਂਤਰੀ ਕਰਾਟੇ ਮੁਕਾਬਲੇ ’ਚ ਜਗਮੋਹਨ ਵਿਜ ਨੇ ਭਾਰਤ ਵੱਲੋਂ ਨਿਭਾਈਆਂ ਰੈਫਰੀ ਦੀਆਂ ਸੇਵਾਵਾਂ
Publish Date: Wed, 11 Nov 2026 05:22 PM (IST)
Updated Date: Wed, 11 Nov 2026 05:24 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਦੇ ਪ੍ਰਸਿੱਧ ਕਰਾਟੇ ਕੋਚ ਅਤੇ ਵਿਸ਼ਵ ਕਰਾਟੇ ਮਹਾਸੰਘ ਦੇ ਕੌਮਾਂਤਰੀ ਰੈਫਰੀ ਸੈਂਸਈ ਜਗਮੋਹਨ ਵਿਜ ਨੇ ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿਖੇ ਕਰਵਾਏ ਗਏ ਕੌਮਾਂਤਰੀ ਕਰਾਟੇ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਰੈਫਰੀ ਵਜੋਂ ਸੇਵਾਵਾਂ ਨਿਭਾਈਆਂ। ਤਿੰਨ ਰੋਜ਼ਾ ਇਸ ਮੁਕਾਬਲੇ ਵਿੱਚ 71 ਦੇਸ਼ਾਂ ਦੇ ਲਗਭਗ 925 ਖਿਡਾਰੀਆਂ ਨੇ ਭਾਗ ਲਿਆ। ਕਰਾਟੇ ਇੰਡੀਆ ਸੰਸਥਾ ਵੱਲੋਂ ਭਾਰਤ ਦੇ ਤਿੰਨ ਰੈਫਰੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਪੰਜਾਬ ਤੋਂ ਜਗਮੋਹਨ ਵਿਜ ਵੀ ਸ਼ਾਮਲ ਸਨ। ਮੁਕਾਬਲੇ ਤੋਂ ਪਹਿਲਾਂ ਵਿਸ਼ਵ ਕਰਾਟੇ ਮਹਾਸੰਘ ਦੇ ਰੈਫਰੀ ਕਮਿਸ਼ਨ ਵੱਲੋਂ ਸਾਲ 2026 ਦੇ ਨਵੇਂ ਨਿਯਮਾਂ ਬਾਰੇ ਸਿਖਲਾਈ ਵੀ ਦਿੱਤੀ ਗਈ। ਮੁਕਾਬਲੇ ਦੌਰਾਨ ਜਗਮੋਹਨ ਵਿਜ ਨੇ ਕਾਤਾ ਅਤੇ ਕੁਮਿਤੇ ਜੱਜ, ਰੈਫਰੀ, ਮੈਚ ਨਿਗਰਾਨ ਅਤੇ ਵੀਡੀਓ ਸਮੀਖਿਆ ਨਿਗਰਾਨ ਸਮੇਤ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਜ਼ਿਕਰਯੋਗ ਹੈ ਕਿ ਜਗਮੋਹਨ ਵਿਜ ਇਸ ਤੋਂ ਪਹਿਲਾਂ ਦੁਬਈ, ਕਾਇਰੋ, ਤੁਰਕੀ, ਇਟਲੀ, ਫਰਾਂਸ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਵਿੱਚ ਹੋਏ ਕੌਮਾਂਤਰੀ ਕਰਾਟੇ ਮੁਕਾਬਲਿਆਂ ਵਿੱਚ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ਅਤੇ ਦੇਸ਼ ਦਾ ਮਾਣ ਵਧਿਆ ਹੈ।