ਦਸ਼ਮੇਸ਼ ਗਰਲਜ਼ ਕਾਲਜ ਵਿਖੇ ਆਈਟੀ ਕਲੱਬ ਨੇ ਸੈਮੀਨਾਰ ਕਰਵਾਇਆ ਦਸ਼ਮੇਸ਼ ਗਰਲਜ਼ ਕਾਲਜ ਵਿਖੇ ਆਈਟੀ ਕਲੱਬ ਨੇ ਸੈਮੀਨਾਰ ਕਰਵਾਇਆ
Publish Date: Wed, 04 Nov 2026 05:10 PM (IST)
Updated Date: Wed, 04 Nov 2026 05:11 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ: ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੀ ਦੇਖ-ਰੇਖ ਹੇਠ ਚੱਲ ਰਹੀ ਸੰਸਥਾ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਕੰਪਿਊਟਰ ਸਾਇੰਸ ਵਿਭਾਗ ਦੇ ਆਈਟੀ ਕਲੱਬ ਵੱਲੋਂ ਆਈਸੀਟੀ ਅਕੈਡਮੀ ਦੇ ਸਹਿਯੋਗ ਨਾਲ ‘ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ’ ਵਿਸ਼ੇ ’ਤੇ ਪਾਵਰ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਈਟੀ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਅਤੇ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਸੀ। ਸੈਮੀਨਾਰ ਵਿੱਚ ਵਿਸ਼ਾ ਮਾਹਿਰ ਵਜੋਂ ਪੁੱਜੇ ਰਾਜਦੀਪ ਭਨੋਟ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੂਚਨਾ ਤਕਨਾਲੋਜੀ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਫਟਵੇਅਰ ਡਿਵੈੱਲਪਮੈਂਟ, ਵੈੱਬ ਡਿਵੈੱਲਪਮੈਂਟ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ, ਸਾਈਬਰ ਸੁਰੱਖਿਆ, ਕਲਾਊਡ ਕੰਪਿਊਟਿੰਗ ਅਤੇ ਡਿਜੀਟਲ ਮਾਰਕੀਟਿੰਗ ਵਰਗੇ ਖੇਤਰਾਂ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥਣਾਂ ਨੂੰ ਸਫ਼ਲ ਕਰੀਅਰ ਲਈ ਤਕਨੀਕੀ ਹੁਨਰ, ਵਿਹਾਰਕ ਗਿਆਨ, ਇੰਟਰਨਸ਼ਿਪ ਅਤੇ ਨਿਰੰਤਰ ਸਿੱਖਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਸੈਸ਼ਨ ਦੌਰਾਨ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਇਸ ਮੌਕੇ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰਾਂ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ, ਕੰਪਿਊਟਰ ਸਾਇੰਸ ਵਿਭਾਗ ਦੀ ਮੁੱਖੀ ਪ੍ਰੋ. ਪੂਜਾ ਅਤੇ ਆਈਸੀਟੀ ਨੋਡਲ ਅਫ਼ਸਰ ਪ੍ਰੋ. ਸੁਮਨ ਨੂੰ ਵਧਾਈ ਦਿੱਤੀ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਵਿਦਿਆਰਥੀ-ਹਿੱਤਕਾਰੀ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।