ਅੰਤਰ-ਸਕੂਲੀ ਮੁਕਾਬਲਾ ਹੁਨਰ–2026 ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ ਅੰਤਰ-ਸਕੂਲੀ ਮੁਕਾਬਲਾ “ਹੁਨਰ–2026” ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ
Publish Date: Sat, 14 Nov 2026 04:20 PM (IST)
Updated Date: Sat, 14 Nov 2026 04:21 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਐੱਸਪੀਐੱਨ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵੱਲੋਂ ਐੱਸਪੀਐੱਨ ਕਾਲਜ ਦੇ ਕੈਂਪਸ ਵਿਖੇ ਸਾਲਾਨਾ ਅੰਤਰ-ਸਕੂਲੀ ਮੁਕਾਬਲਾ ‘ਹੁਨਰ-2026-27’ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੇ 15 ਤੋਂ ਵੱਧ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਰਚਨਾਤਮਕ, ਬੌਧਿਕ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਇੰਚਾਰਜ ਅਤੇ ਮੁਕਾਬਲੇ ਦੇ ਪ੍ਰਬੰਧਕ ਪ੍ਰੋ. ਮਨਦੀਪ ਕੌਰ ਨੇ ਦੱਸਿਆ ਕਿ ਇਹ ਸਮਾਗਮ ਸਕੂਲ ਪ੍ਰਬੰਧਕੀ ਕਮੇਟੀ ਅਤੇ ਡਾਇਰੈਕਟਰ ਡਾ. ਸਮੀਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਂਝਾ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨਾ ਹੈ। ਇਸ ਮੌਕੇ ਵਰਕਿੰਗ ਮਾਡਲ, ਪੋਸਟਰ ਡਿਸਪਲੇ, ਕੋਲਾਜ ਮੇਕਿੰਗ, ਸੋਲੋ ਲੋਕ ਗੀਤ, ਸੋਲੋ ਡਾਂਸ, ਬੈਸਟ ਆਊਟ ਆਫ਼ ਵੇਸਟ, ਕੁਇਜ਼, ਬਹਿਸ, ਫਲੇਮਲੈੱਸ ਕੁਕਿੰਗ ਅਤੇ ਮਹਿੰਦੀ ਲਗਾਉਣ ਸਮੇਤ 10 ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਨੇ ਮੁੱਖ ਮਹਿਮਾਨ ਅਤੇ ਆਡੀਟਰ ਡਾ. ਰਾਜੇਸ਼ ਲਖਨਪਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਸਮੀਰ ਸ਼ਰਮਾ, ਡਾ. ਲਖਨਪਾਲ ਅਤੇ ਸ੍ਰੀ ਅਨੰਦ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜੂਨੀਅਰ ਵਰਗ ਦੀ ਓਵਰਆਲ ਟਰਾਫੀ ਵਿੱਚ ਸੇਂਟ ਜੋਸਫ਼ ਕਾਨਵੈਂਟ ਸਕੂਲ ਮੁਕੇਰੀਆਂ ਨੇ ਪਹਿਲਾ, ਐੱਸਵੀਜੇਸੀ ਡੀਏਵੀ ਪਬਲਿਕ ਸਕੂਲ ਦਸੂਹਾ ਨੇ ਦੂਜਾ ਅਤੇ ਐੱਸਪੀਐਨ ਸੀਨੀਅਰ ਸੈਕੰਡਰੀ ਪਬਲਿਕ ਹਾਈ ਸਕੂਲ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਜੇਬੀਕੇਐੱਸਸੀਐੱਮ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਪਹਿਲੇ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੱਤਣ ਦੂਜੇ ਅਤੇ ਐੱਸਪੀਐੱਨ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਤੀਜੇ ਸਥਾਨ ’ਤੇ ਰਿਹਾ। ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਗੁਰਪ੍ਰੀਤ ਕੌਰ ਅਤੇ ਪ੍ਰੋ. ਜਸਵਿੰਦਰ ਕੌਰ ਨੇ ਬਾਖੂਬੀ ਕੀਤਾ। ਅੰਤ ਵਿੱਚ ਪ੍ਰੋ. ਮਨਦੀਪ ਕੌਰ ਨੇ ਸਮੂਹ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।