ਤਿਉਹਾਰਾਂ ਦੇ ਸੀਜ਼ਨ ਦੌਰਾਨ ਫੂਡ ਸੇਫਟੀ ਟੀਮ ਦੀ ਵਿਸ਼ੇਸ਼ ਚੈਕਿੰਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਿਲਪੁਰ ਵਿਖੇ ਫੂਡ ਸੇਫਟੀ ਟੀਮ ਦੀ ਵਿਸ਼ੇਸ਼ ਚੈਕਿੰਗ
Publish Date: Thu, 05 Nov 2026 05:23 PM (IST)
Updated Date: Thu, 05 Nov 2026 05:26 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸਾਫ਼-ਸੁਥਰੇ, ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਮਨਦੀਪ ਕਮਲ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਮਾਹਿਲਪੁਰ ਇਲਾਕੇ ਵਿੱਚ ਖਾਧ ਪਦਾਰਥਾਂ ਦੇ ਵੱਖ-ਵੱਖ ਅਦਾਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫ਼ਸਰ ਈਸ਼ਨ ਬਾਂਸਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੁੱਲ ਪੰਜ ਸੈਂਪਲ ਇਕੱਤਰ ਕੀਤੇ ਗਏ। ਇਨ੍ਹਾਂ ਵਿੱਚ ਬਦਾਮ, ਭੁਜੀਆ ਅਤੇ ਪਨੀਰ ਦਾ ਇੱਕ-ਇੱਕ ਸੈਂਪਲ ਅਤੇ ਚਾਂਦੀ ਦੇ ਵਰਕ ਦੇ ਦੋ ਸੈਂਪਲ ਸ਼ਾਮਲ ਹਨ। ਸਾਰੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ ਅਤੇ ਰਿਪੋਰਟਾਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਟੀਮ ਨੇ ਖਾਧ ਪਦਾਰਥਾਂ ਦੀ ਤਿਆਰੀ, ਸਟੋਰੇਜ, ਰੱਖ-ਰਖਾਅ ਅਤੇ ਸਫ਼ਾਈ ਦੇ ਮਿਆਰਾਂ ਦਾ ਜਾਇਜ਼ਾ ਲਿਆ। ਦੁਕਾਨਦਾਰਾਂ ਨੂੰ ਖਾਧ ਪਦਾਰਥ ਢੱਕ ਕੇ ਰੱਖਣ, ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਅਤੇ ਮਿਆਰੀ ਸਮੱਗਰੀ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਸਿਹਤ ਵਿਭਾਗ ਨੇ ਕਾਰੋਬਾਰੀਆਂ ਨੂੰ ਮੁਨਾਫ਼ੇ ਦੇ ਲਾਲਚ ਵਿੱਚ ਮਿਲਾਵਟ ਨਾ ਕਰਨ ਅਤੇ ਲੋਕਾਂ ਦੀ ਸਿਹਤ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਖਰੀਦਦਾਰੀ ਸਮੇਂ ਪੈਕਿੰਗ, ਗੁਣਵੱਤਾ ਅਤੇ ਮਿਆਦ ਪੁੱਗਣ ਦੀ ਤਾਰੀਖ਼ ਜਾਂਚਣ ਲਈ ਕਿਹਾ ਗਿਆ। ਵਿਭਾਗ ਨੇ ਸਪੱਸ਼ਟ ਕੀਤਾ ਕਿ ਮਿਲਾਵਟਖੋਰੀ ਵਿਰੁੱਧ ਜ਼ਿਲ੍ਹੇ ਭਰ ਵਿੱਚ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।