
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਹਿਰੀ ਪਾਣੀ ਪਹੁੰਚਾਉਣਾ ਤੇ ਧਰਤੀ ਹੇਠਲਾ ਪਾਣੀ ਬਚਾਉਣਾ ਸਰਕਾਰ ਦੀ ਤਰਜੀਹ: ਮੰਤਰੀ ਬਰਿੰਦਰ ਗੋਇਲ

- ਬਿਸਤ ਦੋਆਬ ਤੇ ਕੰਢੀ ਕੈਨਾਲ ਸਿਸਟਮ ਅਧੀਨ ਖਾਲਾਂ ਨੂੰ ਪੱਕਾ ਕਰਨ ਵਾਲੇ ਪ੍ਰੋਜੈਕਟ ਦਾ ਕੀਤਾ ਉਦਘਾਟਨ
- ਕਿਹਾ, ਗੜ੍ਹਸ਼ੰਕਰ ਵਿੱਚ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 3.73 ਕਰੋੜ ਰੁਪਏ ਦੇ ਕੰਮ ਮੁਕੰਮਲ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਪੰਜਾਬ ਦੇ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਤੱਕ ਵੱਧ ਤੋਂ ਵੱਧ ਨਹਿਰੀ ਪਾਣੀ ਪਹੁੰਚਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਬਿਸਤ ਦੋਆਬ ਅਤੇ ਕੰਢੀ ਨਹਿਰੀ ਸਿਸਟਮ ਅਧੀਨ 3.73 ਕਰੋੜ ਰੁਪਏ ਦੀ ਲਾਗਤ ਨਾਲ ਸਿੰਚਾਈ ਸਬੰਧੀ ਕੰਮ ਮੁਕੰਮਲ ਕੀਤੇ ਗਏ ਹਨ। ਗੋਇਲ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿੱਚ ਪਿੰਡ ਡੇਰੋਂ ਵਿਖੇ ਇਨ੍ਹਾਂ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਕਮਾਂਡ ਏਰੀਆ ਡਿਵੈਲਪਮੈਂਟ ਅਧੀਨ ਬਿਸਤ ਦੋਆਬ ਨਹਿਰ ਅਤੇ ਗਰਾਊਂਡ ਵਾਟਰ ਡਿਵੀਜ਼ਨ, ਜਲੰਧਰ ਤਹਿਤ 8.60 ਕਿਲੋਮੀਟਰ ਪੱਕੇ ਖਾਲਾਂ ’ਤੇ 199 ਲੱਖ ਰੁਪਏ ਅਤੇ 16.93 ਕਿਲੋਮੀਟਰ ਭੂਮੀਗਤ ਪਾਈਪਲਾਈਨ ’ਤੇ 174.41 ਲੱਖ ਰੁਪਏ ਖਰਚ ਕੀਤੇ ਗਏ ਹਨ। ਕੁੱਲ 25.53 ਕਿਲੋਮੀਟਰ ਲੰਬਾਈ ਦੇ ਇਨ੍ਹਾਂ ਕੰਮਾਂ ਨਾਲ 18 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਨਾਲ ਨਹਿਰੀ ਸਿੰਚਾਈ ਅਧੀਨ ਰਕਬਾ 2658 ਏਕੜ ਤੋਂ ਵਧ ਕੇ 3880 ਏਕੜ ਹੋ ਗਿਆ ਹੈ। ਇਸ ਤਰ੍ਹਾਂ 1222 ਏਕੜ ਵਾਧੂ ਰਕਬਾ ਪਹਿਲੀ ਵਾਰ ਨਹਿਰੀ ਪਾਣੀ ਨਾਲ ਸਿੰਚਾਈ ਦੇ ਦਾਇਰੇ ਵਿੱਚ ਆਇਆ ਹੈ। ਇਸ ਨਾਲ ਕਿਸਾਨਾਂ ਦੀ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟੇਗੀ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਵਿੱਚ ਵੱਖ-ਵੱਖ ਨਹਿਰਾਂ ’ਤੇ 14 ਪਿੰਡਾਂ ਵਿੱਚ 23 ਆਰਜੀ ਮੋਘੇ ਲਗਾਏ ਗਏ ਹਨ, ਜਿਸ ਨਾਲ 813 ਏਕੜ ਖੇਤਰ ਨੂੰ ਪਹਿਲੀ ਵਾਰ ਨਹਿਰੀ ਪਾਣੀ ਦੀ ਸਹੂਲਤ ਮਿਲੀ ਹੈ। ਇਨ੍ਹਾਂ ਸਾਰੇ ਯਤਨਾਂ ਨੂੰ ਮਿਲਾ ਕੇ ਹਲਕੇ ਵਿੱਚ ਕੁੱਲ 2035 ਏਕੜ ਖੇਤਰ ਨੂੰ ਪਹਿਲੀ ਵਾਰ ਨਹਿਰੀ ਪਾਣੀ ਨਾਲ ਸਿੰਚਾਈ ਦੀ ਸਹੂਲਤ ਪ੍ਰਾਪਤ ਹੋਈ ਹੈ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਮੌਕੇ ਐੱਸਡੀਐੱਮ ਗੜ੍ਹਸ਼ੰਕਰ ਸੰਜੀਵ ਕੁਮਾਰ, ਐੱਸਈ ਗਗਨਦੀਪ ਸਿੰਘ, ਸਬੰਧਿਤ ਵਿਭਾਗਾਂ ਦੇ ਅਧਿਕਾਰੀ, ਕਿਸਾਨ, ਜਨ ਪ੍ਰਤੀਨਿਧੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।