
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸਟੀਪੀ ਦੇ ਸੋਧੇ ਪਾਣੀ ਦਾ ਖੇਤੀਬਾੜੀ ਸਿੰਚਾਈ ‘ਚ ਹੋਵੇਗੀ ਵਰਤੋਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

- ਗੜ੍ਹਸ਼ੰਕਰ ’ਚ 1.61 ਕਰੋੜ ਰੁਪਏ ਦੀ ਯੋਜਨਾ ਦਾ ਕੀਤਾ ਉਦਘਾਟਨ, ਧਰਤੀ ਹੇਠਲੇ ਪਾਣੀ ਤੇ ਬਿਜਲੀ ਦੀ ਹੋਵੇਗੀ ਬੱਚਤ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਕੈਬਨਿਟ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਣੀ ਦੀ ਸੰਭਾਲ ਨੂੰ ਤਰਜੀਹ ਦਿੰਦਿਆਂ ਬਦਲਵੇਂ ਜਲ ਸਰੋਤਾਂ ਦੀ ਵੱਧ ਤੋਂ ਵੱਧ ਅਤੇ ਵਿਗਿਆਨਕ ਵਰਤੋਂ ਯਕੀਨੀ ਬਣਾ ਰਹੀ ਹੈ। ਇਸੇ ਦਿਸ਼ਾ ਵਿੱਚ ਗੜ੍ਹਸ਼ੰਕਰ ਵਿੱਚ ਐੱਸਟੀਪੀ ਦੇ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤਣ ਦੀ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿੱਚ ਐੱਸਟੀਪੀ ਗੜ੍ਹਸ਼ੰਕਰ ਦੇ 3 ਐੱਮਐੱਲਡੀ ਸੋਧੇ ਹੋਏ ਪਾਣੀ ਨੂੰ ਖੇਤੀਬਾੜੀ ਸਿੰਚਾਈ ਲਈ ਵਰਤਣ ਸਬੰਧੀ ਯੋਜਨਾ ਦਾ ਉਦਘਾਟਨ ਕੀਤਾ। ਆਰਆਈਡੀਐੱਫ-25 ਯੋਜਨਾ ਤਹਿਤ ਤਿਆਰ ਕੀਤੀ ਗਈ ਇਸ ਯੋਜਨਾ ਦੀ ਕੁੱਲ ਲਾਗਤ 161 ਲੱਖ ਰੁਪਏ ਹੈ ਅਤੇ ਇਸ ਨਾਲ 125 ਹੈੱਕਟੇਅਰ ਖੇਤੀਬਾੜੀ ਖੇਤਰ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਗੋਇਲ ਨੇ ਦੱਸਿਆ ਕਿ ਯੋਜਨਾ ਤਹਿਤ ਕਿਸਾਨਾਂ ਦੇ ਖੇਤਾਂ ਤੱਕ ਸੋਧਿਆ ਹੋਇਆ ਪਾਣੀ ਪਹੁੰਚਾਉਣ ਲਈ 7059 ਮੀਟਰ ਲੰਬੀ ਭੂਮੀਗਤ ਪਾਈਪਲਾਈਨ, 250 ਮਿਲੀਮੀਟਰ ਵਿਆਸ ਵਾਲੀ ਪਾਈਪਲਾਈਨ ਅਤੇ 60 ਆਊਟਲੈੱਟ ਮੁਹੱਈਆ ਕਰਵਾਏ ਗਏ ਹਨ। ਯੋਜਨਾ ਤਹਿਤ 3 ਲੱਖ ਲੀਟਰ ਸਮਰੱਥਾ ਵਾਲਾ ਸੰਪ ਵੈੱਲ ਅਤੇ 6×4 ਮੀਟਰ ਆਕਾਰ ਦਾ ਪੰਪ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਲਗਭਗ 40 ਕਿਸਾਨ ਲਾਭਪਾਤਰੀਆਂ ਨੂੰ ਸਿੱਧੇ ਤੌਰ ’ਤੇ ਸਿੰਚਾਈ ਦੀ ਸਹੂਲਤ ਮਿਲੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਐੱਸਟੀਪੀ ਗੜ੍ਹਸ਼ੰਕਰ ਤੋਂ ਪ੍ਰਾਪਤ ਸੋਧਿਆ ਹੋਇਆ ਪਾਣੀ ਸਿੰਚਾਈ ਲਈ ਇੱਕ ਮਹੱਤਵਪੂਰਨ ਬਦਲਵਾਂ ਜਲ ਸਰੋਤ ਹੈ। ਇਸ ਪਾਣੀ ਨੂੰ ਭੂਮੀਗਤ ਪਾਈਪਲਾਈਨਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਨਾਲ ਧਰਤੀ ਹੇਠਲੇ ਪਾਣੀ ਦੀ 100 ਫ਼ੀਸਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸੋਧੇ ਹੋਏ ਪਾਣੀ ਵਿੱਚ ਲੋੜੀਂਦੇ ਪੋਸ਼ਕ ਤੱਤ ਅਤੇ ਜੈਵਿਕ ਤੱਤ ਮੌਜੂਦ ਹੋਣ ਕਾਰਨ ਇਸ ਦੀ ਢੁੱਕਵੀਂ ਅਤੇ ਵਿਗਿਆਨਕ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਅਤੇ ਫ਼ਸਲਾਂ ਦੀ ਪੈਦਾਵਾਰ ਵਧਣ ਦੀ ਸੰਭਾਵਨਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦ ਮਿਲੇਗੀ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਐੱਸਟੀਪੀ ਦੇ ਸੋਧੇ ਹੋਏ ਪਾਣੀ ਦੀ ਖੇਤੀਬਾੜੀ ਸਿੰਚਾਈ ਵਿੱਚ ਵਰਤੋਂ ਕਿਸਾਨਾਂ ਲਈ ਲਾਭਦਾਇਕ ਹੋਣ ਦੇ ਨਾਲ-ਨਾਲ ਵਾਤਾਵਰਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਨਾਲ ਖੇਤਰ ਵਿੱਚ ਸਿੰਚਾਈ ਲਈ ਬਦਲਵੇਂ ਜਲ ਸਰੋਤ ਉਪਲਬਧ ਹੋਣਗੇ। ਇਸ ਮੌਕੇ ਐੱਸਡੀਐੱਮ ਸੰਜੀਵ ਕੁਮਾਰ, ਮੰਡਲ ਭੂਮੀ ਰੱਖਿਆ ਹੁਸ਼ਿਆਰਪੁਰ ਹੁਸ਼ਿਆਰਪੁਰ ਰਾਜੇਸ਼ ਸ਼ਰਮਾ, ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮਨਾਥ ਬੰਗੜ, ਸਬੰਧਿਤ ਵਿਭਾਗਾਂ ਦੇ ਅਧਿਕਾਰੀ, ਕਿਸਾਨ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।