- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਣਵਾੜੀ ਸੈਂਟਰਾਂ ਵਿੱਚ ਮਿਲ ਰਹੇ ਭੋਜਨ ਦੀ ਨਿਰਪੱਖ ਜਾਂਚ ਹੋਵੇ: ਸ਼ੰਭੂ ਨਾਥ ਭਾਰਤੀ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸਮਾਜ ਸੇਵੀ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੰਭੂ ਨਾਥ ਭਾਰਤੀ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਫੋਰਟੀਫਾਈਡ ਭੋਜਨ ਦੀ ਗੁਣਵੱਤਾ ਅਤੇ ਖਰੀਦ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿਸ਼ਨ ਸਮਰੱਥ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਤਹਿਤ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਭੇਜੇ ਜਾ ਰਹੇ ਭੋਜਨ ਦੇ ਪੈਕਟਾਂ ’ਤੇ ਵਰਤੇ ਗਏ ਵਿਟਾਮਿਨਾਂ ਅਤੇ ਖਣਿਜਾਂ ਦੇ ਵੇਰਵੇ ਦਰਜ ਨਹੀਂ ਹਨ। ਇਸ ਤੋਂ ਇਲਾਵਾ ਫੋਰਟੀਫਿਕੇਸ਼ਨ ਸਬੰਧੀ ਪ੍ਰਮਾਣਿਕਤਾ, ਵਨਸਪਤੀ ਤੇਲ ਦੇ ਸਰੋਤ ਅਤੇ ਮਿੱਠੇ ਦਲੀਏ ਵਿੱਚ ਖੰਡ ਦੀ ਵਰਤੋਂ ਬਾਰੇ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਭਾਰਤੀ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ ਕਈ ਖਾਦ ਸਮੱਗਰੀ ਉਤਪਾਦਕ ਹੋਣ ਦੇ ਬਾਵਜੂਦ ਇਹ ਸਮੱਗਰੀ ਦਿੱਲੀ ਦੀ ਕੰਪਨੀ ਤੋਂ ਕਿਉਂ ਖਰੀਦੀ ਜਾ ਰਹੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਭੋਜਨ ਦੇ ਨਮੂਨਿਆਂ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਖਰੀਦ ਰਿਕਾਰਡ ਤੇ ਟੈਸਟ ਰਿਪੋਰਟਾਂ ਦੀ ਪੜਤਾਲ ਹੋਵੇ। ਉਨ੍ਹਾਂ ਕਿਹਾ ਕਿ ਬੇਨਿਯਮੀਆਂ ਸਾਬਤ ਹੋਣ ’ਤੇ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।