
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਾਮ ਪੈਂਦੇ ਹੀ ਟਿਊਬਵੈਲ ਦੇ ਕਮਰੇ ’ਚ ਖ਼ੁੱਲੇ ਠੇਕੇ ’ਚ ਲੱਗ ਜਾਂਦੀਆਂ ਰੌਣਕਾਂ

- ਪਿੰਡ ਦੇ 100 ਘਰਾਂ ਨੇ ਠੇਕਾ ਬੰਦ ਕਰਵਾਉਣ ਲਈ ਦਿੱਤੀ ਅਰਜ਼ੀ, ਦੋ ਮਹੀਨੇ ਦਾ ਲਾਰਾ ਲਗਾ ਧਮਾਉਣ ਲੱਗਾ ਠੇਕੇਦਾਰ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸ਼ਰਾਬ ਮਾਫੀਆ ਵੱਲੋਂ ਜ਼ਿਲ੍ਹਾ ਭਰ ਵਿਚ ਇੱਕ ਹੀ ਲਾਇਸੈਂਸ ’ਤੇ ਖੋਲ੍ਹੇ ਜਾਂ ਕਈ-ਕਈ ਠੇਕਿਆਂ ਤੋਂ ਬਾਅਦ ਜਰਨੈਲੀ ਸੜਕਾਂ, ਲਿੰਕ ਸੜਕਾਂ ’ਤੇ ਵੀ ਸ਼ਰਾਬ ਦੀਆਂ ਦੁਕਾਨ ਖੋਲ੍ਹਣ ਤੋਂ ਬਾਅਦ ਹੁਣ ਪਿੰਡਾਂ ਦੇ ਬਾਹਰਵਾਰ ਟਿਊਬਵੈੱਲ ਦੀਆਂ ਮੋਟਰਾਂ ’ਤੇ ਮਿੰਨੀ ਠੇਕੇ ਖੋਲ੍ਹੇ ਜਾ ਰਹੇ ਹਨ। ਪਿੰਡਾਂ ਵਿਚ ਧੜਾਧੜ ਖੋਲ੍ਹੀਆਂ ਜਾ ਰਹੀਆਂ ਇਨ੍ਹਾਂ ਬ੍ਰਾਂਚਾਂ ’ਤੇ ਪੈਂਦੇ ਖ਼ਰੂਦ ਅਤੇ ਲੜਾਈ ਝਗੜਿਆਂ ਕਾਰਨ ਜਿੱਥੇ ਮਾਹੌਲ ਖ਼ਰਾਬ ਹੋ ਰਹੇ ਹੋ ਰਹੇ ਹਨ ਉੱਥੇ ਪਿੰਡਾਂ ਦੀਆਂ ਔਰਤਾਂ ਨੂੰ ਵੱਡੀ ਪੱਧਰ ’ਤੇ ਖੱਜਲ ਹੋਣਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਹੁਸ਼ਿਅਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਨੌਨੀਤਪੁਰ ’ਚ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਬਾਹਰਵਾਰ ਠੇਕੇਦਾਰ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਗੈਰਕਾਨੂੰਨੀ ਢੰਗ ਨਾਲ ਬ੍ਰਾਂਚ ਅਲਾਟ ਕਰ ਕੇ ਠੇਕਾ ਖੋਲ੍ਹ ਦਿੱਤਾ, ਜਿਹੜਾ ਸ਼ਾਮ ਪੈਂਦੇ ਹੀ ਖੁੱਲ੍ਹ ਜਾਂਦਾ ਹੈ।
ਕੀ ਹੈ ਮਾਮਲਾ : ਹਲਕਾ ਚੱਬੇਵਾਲ ਦੇ ਪਿੰਡ ਨੌਨੀਤਪੁਰ ਦੀ ਪੰਚ ਦਵਿੰਦਰ ਕੌਰ, ਪੰਚ ਜਸਵੰਤ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਨਿਰਮਲਾ ਦੇਵੀ, ਪੰਚ ਬਲਵੀਰ ਸਿੰਘ ਦੀ ਅਗਵਾਈ ਹੇਠ 150 ਤੋਂ ਵੱਧ ਪਿੰਡ ਵਾਸੀਆਂ ਨੇ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ, ਕਰ ਅਤੇ ਆਬਾਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਦਾ ਇੱਕ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਸਵਰਨਾ ਰਾਮ ਪਿਛਲੇ ਛੇ ਸੱਤ ਸਾਲ ਤੋਂ ਪਿੰਡ ਵਿਚ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਸ਼ਰਾਬ ਦੀ ਦੋ ਚਾਰ ਪੇਟੀਆਂ ਮਾਹਿਲਪੁਰ, ਚੱਬੇਵਾਲ ਅਤੇ ਨੇੜੇ ਦੇ ਹੋਰਨਾਂ ਠੇਕਿਆਂ ਤੋਂ ਲਿਆ ਕੇ ਚੋਰੀ ਛੁਪੇ ਵੇਚਦਾ ਸੀ, ਜਿਸ ਦੀਆਂ ਉਹ ਲਗਾਤਾਰ ਸ਼ਿਕਾਇਤਾਂ ਵੀ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਂ ਉਸ ਨੇ ਹੱਦ ਹੀ ਕਰ ਦਿੱਤੀ। ਉਸ ਨੇ ਪਿੰਡ ਦੇ ਬਾਹਰਵਾਰ ਇੱਕ ਟਿਊਬਵੈੱਲ ’ਤੇ ਹੀ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਵੀਂ ਬ੍ਰਾਂਚ ਖੋਲ੍ਹ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਈ ਵਾਰ ਉਸ ਨੂੰ ਆਪਣਾ ਇਹ ਗੈਰਕਾਨੂੰਨੀ ਧੰਦਾ ਬੰਦ ਕਰਨ ਲਈ ਵੀ ਕਿਹਾ, ਜਿਸ ’ਤੇ ਉਸ ਨੇ ਦੋ ਤਿੰਨ ਮਹੀਨਿਆਂ ਅੰਦਰ ਇਹ ਗੈਰਕਾਨੂੰਨੀ ਬ੍ਰਾਂਚ ਬੰਦ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਬ੍ਰਾਂਚ ਨਾ ਬੰਦ ਕਰਨ ਦੀਆਂ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪਿੰਡ ਦਾ ਮਾਹੌਲ ਵੀ ਖ਼ਰਾਬ ਹੋ ਰਿਹਾ ਹੈ।
ਲਲਕਾਰੇ ਮਾਰਦੇ ਨਿਕਲਦੇ ਹਨ ਸ਼ਰਾਬੀ : ਪਿੰਡਾਂ ਦੇ ਲੋਕਾਂ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਾਮ ਹੁੰਦੇ ਹੀ ਟਿਊਬਵੈੱਲ ’ਤੇ ਪਿਅੱਕੜਾਂ ਵੱਲੋਂ ਸ਼ਰਾਬ ਪੀਣ ਤੋਂ ਬਾਅਦ ਆਪੋ-ਆਪਣੇ ਘਰਾਂ ਨੂੰ ਜਾਂਦੇ ਸਮੇਂ ਲਲਕਾਰੇ ਮਾਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਦੇ ਕਈ ਵਿਅਕਤੀ ਵੀ ਹੁਣ ਇੱਥੇ ਹੀ ਆ ਜਾਂਦੇ ਹਨ ਅਤੇ ਲਗਾਤਾਰ ਇਸ ਗੈਰਕਾਨੂੰਨੀ ਬ੍ਰਾਂਚ ’ਤੇ ਭੀੜ ਵੱਧਦੀ ਜਾਂਦੀ ਹੈ। ਕਈ ਨੌਜਵਾਨਾਂ ਕੋਲ ਤਾਂ ਤੇਜ਼ਧਾਰ ਹਥਿਆਰ ਵੀ ਹੁੰਦੇ ਹਨ, ਜਿਸ ਕਾਰਨ ਔਰਤਾਂ ਦਾ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ।
ਕੀ ਹਨ ਨਿਯਮ : ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਅਨੁਸਾਰ ਠੇਕੇਦਾਰ ਵੱਲੋਂ ਠੇਕੇਦਾਰ ਦੇ ਬਾਹਰ ਇੱਕ ਸਾਈਨ ਬੋਰਡ ਲਗਾਉਣਾ ਜ਼ਰੂਰੀ ਹੁੰਦਾ ਹੈ, ਜਿਸ ਵਿਚ ਵੇਚੀ ਜਾਣ ਵਾਲੀ ਸ਼ਰਾਬ ਦੀ ਕਿਸਮ, ਬੋਰਡ ’ਤੇ ਤਿੰਨ ਭਾਸ਼ਾਵਾਂ ਵਿਚ ਠੇਕੇਦਾਰ ਦੀ ਕੰਪਨੀ ਦਾ ਨਾਮ ਲਾਇਸੈਂਸ ਨੰਬਰ ਸਮੇਤ ਸ਼ਰਾਬ ਪੀਣ ਵਾਲਿਆਂ ਲਈ ਚਿਤਾਵਨੀ ਵੀ ਲਿਖਣੀ ਜ਼ਰੂਰੀ ਹੁੰਦੀ ਹੈ। ਲਏ ਗਏ ਲਾਇਸੈਂਸ ਦੀ ਮਿਆਦ, ਰੇਟ ਲਿਸਟ, ਗਰੁੱਪ ਦਾ ਨਾਮ ਵੀ ਜ਼ਰੂਰੀ ਹੁੰਦਾ ਹੈ।
ਇਸ ਸਬੰਧੀ ਕਰ ਅਤੇ ਆਬਾਕਾਰੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਹਨੂੰਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਸਬੰਧੀ ਹਲਕੇ ਦੇ ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰ ਨੂੰ ਇਸ ਵਿਰੁੱਧ ਕਾਰਵਾਈ ਕਰਨ ਲਈ ਨਿਰਦੇਸ਼ ਦੇ ਦੇਣਗੇ।