ਪਿੰਡ ਨਮੋਲੀ ਦੀ ਪੰਚਾਇਤੀ ਜ਼ਮੀਨ ਉੱਤੇ ਨਜਾਇਜ਼ ਉਸਾਰੀ ਦੇ ਦੋਸ਼ ਪਿੰਡ ਨਮੋਲੀ ਦੀ ਪੰਚਾਇਤੀ ਜ਼ਮੀਨ ਉੱਤੇ ਨਜਾਇਜ਼ ਉਸਾਰੀ ਦੇ ਦੋਸ਼
Publish Date: Wed, 21 Oct 2026 03:29 PM (IST)
Updated Date: Wed, 21 Oct 2026 03:30 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਨੇੜਲੇ ਪਿੰਡ ਨਮੋਲੀ ਵਿਖੇ ਕਥਿਤ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕਰਕੇ ਪਿਛਲੇ ਕਰੀਬ 4-5 ਦਿਨ ਤੋਂ ਨਜਾਇਜ਼ ਉਸਾਰੀ ਕਰਨ ਦਾ ਮਾਮਲਾ ਬੀਡੀਪੀਓ ਹਾਜੀਪੁਰ ਅਤੇ ਸਰਪੰਚ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਨਜਾਇਜ਼ ਕਾਬਜ਼ਕਾਰਾਂ ਨੇ ਛੁੱਟੀਆਂ ਦਾ ਲਾਹਾ ਲੈ ਕੇ ਕੰਮ ਵਿੱਚ ਤੇਜੀ ਲਿਆ ਦਿੱਤੀ ਹੈ, ਬੀਡੀਪੀਓ ਹਾਜੀਪੁਰ, ਪੰਚਾਇਤ ਸਕੱਤਰ ਅਤੇ ਸਰਪੰਚ ਮਾਮਲੇ ਤੋਂ ਅਣਜਾਣ ਬਣੇ ਹੋਏ ਹਨ। ਉੱਧਰ ਉਸਾਰੀ ਕਰ ਰਹੇ ਸੁਨੀਲ ਕੁਮਾਰ ਦਾ ਦਾਅਵਾ ਹੈ ਕਿ ਉਸਦਾ ਖਸਰਾ ਨੰਬਰ 325 ਅਧੀਨ ਪੈਂਦੀ ਸਬੰਧਿਤ ਜ਼ਮੀਨ ਉੱਤੇ ਪਿਛਲੇ 30 ਸਾਲਾਂ ਤੋਂ ਕਬਜ਼ਾ ਹੈ ਅਤੇ ਇਹ ਜ਼ਮੀਨ ਉਸਦੀ ਮਾਲਕੀ ਵਾਲੀ ਹੈ। ਪਰ ਦਸਤਾਵੇਜ਼ ਦੱਸਦੇ ਹਨ ਕਿ ਸੁਨੀਲ ਕੁਮਾਰ ਵਲੋਂ 30 ਸਾਲ ਤੋਂ ਕਬਜ਼ੇ ਵਾਲੀ ਦੱਸੀ ਜਾ ਰਹੀ ਜ਼ਮੀਨ ਦਾ ਇੰਤਕਾਲ ਹੀ ਜੁਲਾਈ 2026 ਵਿੱਚ ਤਬਦੀਲ ਹੋਇਆ ਹੈ। ਜਦੋਂ ਕਿ ਸ਼ਿਕਾਇਤ ਕਰਤਾ ਅਨੁਸਾਰ ਸੁਨੀਲ ਕੁਮਾਰ ਮੌਕੇ ‘ਤੇ ਕਬਜ਼ਾ ਖਸਰਾ ਨੰਬਰ 327 ਵਿੱਚ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸੁਨੀਲ ਕੁਮਾਰ ਦੀ ਪਤਨੀ ਪ੍ਰਵੀਨ ਕੁਮਾਰੀ ਦੇ ਨਾਮ ‘ਤੇ ਪਿੰਡ ਨਮੋਲੀ ਦੇ ਖਸਰਾ ਨੰਬਰ 325 ਵਿੱਚ 8 ਮਰਲੇ ਜ਼ਮੀਨ ਬੋਲਦੀ ਹੈ, ਪਰ ਸ਼ਿਕਾਇਤ ਕਰਤਾ ਅਨੁਸਾਰ ਸੁਨੀਲ ਕੁਮਾਰ ਆਪਣੀ ਮਾਲਕੀ ਦੀ ਥਾਂ ਖਸਰਾ ਨੰਬਰ: 327 ਵਿੱਚ ਪੈਂਦੀ ਪੰਚਾਇਤੀ ਜ਼ਮੀਨ ਉੱਤੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਸਾਂਡਪੁਰ ਦੀ ਜੋਗਿੰਦਰੀ ਦੇਵੀ ਨੇ ਨਮੋਲੀ ਦੇ ਖਸਰਾ ਨੰਬਰ 325 ਵਿੱਚ ਕੁਝ ਜ਼ਮੀਨ ਖਰੀਦੀ ਸੀ ਅਤੇ ਵੇਚਣ ਵਾਲੇ ਨੇ ਮੌਕੇ ‘ਤੇ ਕਬ਼ਜਾ ਵੀ ਦਿੱਤਾ ਸੀ। ਪਰ ਜਦੋਂ ਜੋਗਿੰਦਰੀ ਦੇਵੀ ਨੇ ਸਬੰਧਿਤ ਜ਼ਮੀਨ ‘ਤੇ ਉਸਾਰੀ ਕਰਨੀ ਸ਼ੁਰੂ ਕੀਤੀ ਤਾਂ ਸਰਪੰਚ ਦੀ ਸ਼ਿਕਾਇਤ ਉੱਤੇ ਬੀਡੀਪੀਓ ਹਾਜੀਪੁਰ ਨੇ ਕੰਮ ਰੁਕਵਾ ਦਿੱਤਾ। ਜਦੋਂ ਕਿ ਇਸਦੇ ਨੇੜੇ ਹੀ ਖਸਰਾ ਨੰਬਰ 327 ਅਧੀਨ ਪੈਂਦੀ ਪੰਚਾਇਤੀ ਜ਼ਮੀਨ ਉੱਤੇ ਹੋ ਰਹੀ ਲਗਾਤਾਰ ਨਜਾਇਜ਼ ਉਸਾਰੀ ਪ੍ਰਤੀ ਪੰਚਾਇਤੀ ਅਧਿਕਾਰੀਆਂ ਅਤੇ ਸਰਪੰਚ ਨੇ ਚੁੱਪੀ ਧਾਰੀ ਹੋਈ ਹੈ। ਪਿੰਡ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਸਰਪੰਚ ਮਾਲਕੀ ਵਾਲੀ ਜਗ੍ਹਾ ਦੇ ਖਿਲਾਫ਼ ਸ਼ਿਕਾਇਤ ਕਰਕੇ ਕੰਮ ਰੁਕਵਾ ਰਿਹਾ ਹੈ, ਇਸਦੇ ਉਲਟ ਉਹ ਪੰਚਾਇਤੀ ਜ਼ਮੀਨ ਉੱਤੇ ਕਬਜ਼ੇ ਦੇ ਮਾਮਲੇ ਵਿੱਚ ਚੁੱਪੀ ਧਾਰੀ ਬੈਠਾ ਹੈ। ਇਸ ਸਬੰਧੀ ਸੰਪਰਕ ਕਰਨ ‘ਤੇ ਪਿੰਡ ਦੇ ਸਰਪੰਚ ਜਸਵੰਤ ਪਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਇਸ ਸਬੰਧੀ ਬੀਡੀਪੀਓ ਹਾਜੀਪੁਰ ਸੁਖਪ੍ਰੀਤ ਪਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਤੁਰੰਤ ਪੰਚਾਇਤ ਸਕੱਤਰ ਨੂੰ ਕਾਰਵਾਈ ਲਈ ਹਦਾਇਤ ਕਰਨਗੇ।