ਮਾਈਨਿੰਗ ਦੀ ਗੂੰਜ ਨੇ ਉਡਾਈ ਅੱਧਾ ਦਰਜਨ ਪਿੰਡਾਂ ਦੀ ਨੀਂਦ ਸ਼ਾਮ ਚੁਰਾਸੀ ’ਚ ਮਾਈਨਿੰਗ ਮਾਫ਼ੀਆ ਬੇਖ਼ੌਫ, ਲੋਕ ਖ਼ੌਫ਼ਜਦਾ
Publish Date: Mon, 28 Sep 2026 05:50 PM (IST)
Updated Date: Tue, 29 Sep 2026 04:04 AM (IST)
ਰਾਤ ਦੇ ਸਮੇਂ ਹੁੰਦੀ ਹੈ ਮਸ਼ੀਨਾਂ ਨਾਲ ਮਾਈਨਿੰਗ, ਪੰਦਰਾਂ-ਪੰਦਰਾਂ ਫ਼ੁੱਟ ਤੱਕ ਪਹੁੰਚੀ ਖੁਦਾਈ ਸ਼ਾਮ ਚੁਰਾਸੀ ’ਚ ਮਾਈਨਿੰਗ ਮਾਫ਼ੀਆ ਬੇਖ਼ੌਫ, ਲੋਕ ਖ਼ੌਫ਼ਜ਼ਦਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ’ਚ ਚੱਲ ਰਹੀ ਬੇਖ਼ੌਫ ਮਾਈਨਿੰਗ ਨੇ ਪਿੰਡ ਮਹਿੰਗਰੋਵਾਲ ਦੇ ਚੋਅ ਦੇ ਆਸ-ਪਾਸ ਵਸੇ ਅੱਧਾ ਦਰਜਨ ਪਿੰਡਾਂ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਰਾਤ 10 ਵਜੇ ਤੋ ਸਵੇਰ ਪੰਜ ਵਜੇ ਤਕ ਚੱਲਦੀ ਇਸ ਮਾਈਨਿੰਗ ਨਾਲ ਜਿੱਥੇ ਕੁਦਰਤੀ ਸਰੋਤਾਂ ਦਾ ਘਾਣ ਹੋ ਰਿਹਾ ਹੈ, ਉੱਥੇ ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਨਹੀ ਖ਼ੋਲ੍ਹ ਰਿਹਾ। ਬਾਕਸ-- ਕੀ ਹੈ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤੱਖਣੀ, ਮਹਿੰਗਰੋਵਾਲ, ਚੱਕ ਗੁਜਰਾਂ ਤੇ ਕੈਲੋ, ਚੱਕ ਗੁੱਜਰਾਂ, ਡਡਿਆਣਾ ਕਲਾਂ ਇਲਾਕੇ ’ਚ ਹੋ ਰਹੀ ਰਾਤ ਦੇ ਸਮੇਂ ਮਾਈਨਿੰਗ ਨੂੰ ਲੈ ਕੇ ਸਥਾਨਕ ਪੱਧਰ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਪਿੰਡਾਂ ਦੇ ਲੋਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਦੇ ਹੋਏ ਪੰਜਾਬੀ ਜਾਗਰਣ ਦੇ ਇਸ ਪੱਤਰਕਾਰ ਨੂੰ ਭੇਜੀਆਂ ਵੀਡੀਓ ਰਾਹੀ ਦੱਸਿਆ ਕਿ ਕਿ ਮਾਈਨਿੰਗ ਗਤੀਵਿਧੀਆਂ ਦੌਰਾਨ ਇਲਾਕੇ ’ਚ ਲਾਗੂ ਦਫਾ 4 ਤੇ 5 ਦੀਆਂ ਪਾਬੰਦੀਆਂ ਦੀ ਕਥਿਤ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਨਿਯਮਾਂ ਦੇ ਉਲਟ ਤੇ ਨਿਰਧਾਰਤ ਹੱਦ ਤੋਂ ਬਾਹਰ ਕੀਤੀ ਜਾ ਰਹੀ ਹੈ, ਜਿਸ ਨਾਲ ਖ਼ੇਤਰ ਦੀ ਜ਼ਮੀਨ, ਕੁਦਰਤੀ ਜਲ-ਸਰੋਤਾਂ, ਖੇਤੀਬਾੜੀ ਤੇ ਵਾਤਾਵਰਣ ’ਤੇ ਮਾਰੂ ਪ੍ਰਭਾਵ ਪੈ ਰਿਹਾ ਹੈ। ਲੋਕਾਂ ਨੇ ਮਾਈਨਿੰਗ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੌਕੇ ਦੀ ਜਾਂਚ ਕਰਵਾਉਣ, ਮਾਈਨਿੰਗ ਦੀ ਮਨਜ਼ੂਰੀ ਤੇ ਰਿਕਾਰਡ ਦੀ ਜਾਂਚ ਕਰਨ ਸਬੰਧੀ ਸ਼ਿਕਾਇਤਾਂ ਵੀ ਕੀਤੀਆਂ ਪਰ ਸਬੰਧਤ ਮਾਈਨਿੰਗ ਤੇ ਜੰਗਲਾਤ ਵਿਭਾਗ ਗੁਪਤ ਚੁੱਪੀ ਧਾਰੀ ਬੈਠਾ ਹੈ। ਬਾਕਸ-- 1988 ’ਚ ਹੋਈ ਤਬਾਹੀ ਪਿੰਡ ਸ਼ੇਰਪੁਰ ਦੇ ਬਜ਼ੁਰਗ ਅੱਜ ਵੀ 1988 ਅਤੇ 1995 ਦੌਰਾਨ ਆਏ ਭਿਆਨਕ ਪਾਣੀ ਨੂੰ ਯਾਦ ਕਰ ਕੇ ਸਹਿਮ ਜਾਂਦੇ ਹਨ। ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਦੋਵਾਂ ਸਾਲਾਂ ’ਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਸੀ ਕਿ ਪਿੰਡ ਦੇ ਕਈ ਹਿੱਸਿਆਂ ’ਚ ਪਾਣੀ ਦਾਖ਼ਲ ਹੋ ਗਿਆ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਘਰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਰੁੜ੍ਹ ਗਏ। ਘਰਾਂ ’ਚ ਪਿਆ ਘਰੇਲੂ ਸਾਮਾਨ, ਅਨਾਜ ਤੇ ਹੋਰ ਜ਼ਰੂਰੀ ਵਸਤਾਂ ਵੀ ਪਾਣੀ ਦੀ ਲਪੇਟ ’ਚ ਆ ਗਈਆਂ। ਲੋਕਾਂ ਨੂੰ ਆਪਣੇ ਪਰਿਵਾਰਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਮਜਬੂਰ ਹੋਣਾ ਪਿਆ। ਅੱਧੇ ਤੋਂ ਵੱਧ ਪਿੰਡ ਦੀ ਆਬਾਦੀ ਕੁੱਝ ਦੂਰੀ ’ਤੇ ਵਸ ਗਈ ਸੀ। ਬਜ਼ੁਰਗਾਂ ਅਨੁਸਾਰ 1988 ਤੇ 1995 ਦੀਆਂ ਇਹ ਘਟਨਾਵਾਂ ਅੱਜ ਵੀ ਸ਼ੇਰਪੁਰ ਦੇ ਲੋਕਾਂ ਦੀਆਂ ਯਾਦਾਂ ’ਚ ਵਸੀਆਂ ਹੋਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਹੜ੍ਹਾਂ ਤੋਂ ਸਬਕ ਲੈਂਦਿਆਂ ਭਵਿੱਖ ’ਚ ਪਾਣੀ ਦੀ ਨਿਕਾਸੀ ਤੇ ਹੜ੍ਹ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਬਾਕਸ-- ਕਰਾਹ ਲਾ ਕੇ ਬਣਾਏ ਜਾ ਰਹੇ ਰਸਤੇ ਚੋਆਂ ਦੇ ਬੰਨਾਂ ’ਤੇ ਬਣਾਏ ਕਰਾਹ ਲਾ ਕੇ ਕਥਿਤ ਤੌਰ ’ਤੇ ਰਸਤੇ ਬਣਾਏ ਜਾਣ ਜਾ ਰਹੇ ਹਨ ਤੇ ਮਿੱਟੀ ਕੱਟ ਕੇ ਆਵਾਜਾਈ ਲਈ ਰਸਤੇ ਤਿਆਰ ਕਰ ਲਏ ਹਨ। ਲੋਕਾਂ ਦਾ ਕਹਿਣਾ ਹੈ ਕਿ ਬੰਨ੍ਹ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਸਾਤ ਜਾਂ ਹੜ੍ਹ ਦੇ ਸਮੇਂ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ। ਇਸ ਕਾਰਨ ਬੰਨ੍ਹ ਦੀ ਮਜ਼ਬੂਤੀ ਪ੍ਰਭਾਵਿਤ ਹੋਣ ਤੇ ਪਾਣੀ ਦਾ ਰਾਹ ਬਦਲਣ ਦਾ ਖਦਸ਼ਾ ਹੈ। ਬਾਕਸ-- 40 ਤੋਂ 50 ਟਰਾਲੀਆਂ ਨਿਕਲਦੀਆਂ ਹਨ ਰੋਜ਼ਾਨਾ ਇਨ੍ਹਾਂ ਚੋਆਂ ਵਿਚ ਰਾਤ 10 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ 50 ਦੇ ਕਰੀਬ ਟਰਾਲੀਆਂ ਰੋਜ਼ਾਨਾ ਹੀ ਚੁੱਕੀਆਂ ਜਾ ਰਹੀ ਹਨ, ਜਿਹੜੀਆਂ ਰਾਤ ਸਮੇਂ ਸ਼ੋਰ ਕਰਦੀਆਂ ਲੋਕਾਂ ਦੀਆਂ ਨੀਂਦਾ ਵੀ ਖ਼ਰਾਬ ਕਰ ਰਹੀਆਂ ਹਨ। ਇਨ੍ਹਾਂ ਚੋਆਂ ’ਚ 10 ਤੋਂ 15 ਫ਼ੁੱਟ ਤੱਕ ਖ਼ੁਦਾਈ ਕਰ ਕੇ ਮਾਈਨਿੰਗ ਕੀਤੀ ਜਾ ਚੁੱਕੀ ਹੈ ਤੇ ਲਗਾਤਾਰ ਜਾਰੀ ਹੈ। ਬਾਕਸ-- ਕੀ ਕਹਿੰਦੇ ਹਨ ਐੱਸਡੀਓ ਇਸ ਸਬੰਧੀ ਐੱਸਡੀਓ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ’ਚ ਮਾਈਨਿੰਗ ਮਾਫੀਆ ਦੇ ਲੋਕਾਂ ’ਤੇ ਚਾਰ ਪੰਜ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਹੋਰ ਮਾਮਲੇ ਦਰਜ ਕਰਨ ਲਈ ਰੁੱਕੇ ਭੇਜੇ ਹਨ। ਉਨ੍ਹਾਂ ਕਿਹਾ ਕਿ ਉਹ ਰਾਤ ਦੀ ਗਸ਼ਤ ਹੋਰ ਤੇਜ਼ ਕਰਨਗੇ।