ਆਪ ਦੇ ਕਾਰਜਕਾਲ ’ਚ ਨਜਾਇਜ਼ ਮਾਈਨਿੰਗ ਨੇ ਪਾਰ ਕੀਤੀਆਂ ਹੱਦਾਂ : ਪੰਨੂ ਆਪ ਦੇ ਕਾਰਜਕਾਲ ਦੌਰਾਨ ਹਲਕੇ 'ਚ ਨਜਾਇਜ਼ ਮਾਈਨਿੰਗ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ - ਪੰਨੂ
Publish Date: Mon, 02 Nov 2026 04:19 PM (IST)
Updated Date: Mon, 02 Nov 2026 04:20 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਕਾਂਗਰਸ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਪੰਨੂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਆਪ ਦੇ ਕਾਰਜਕਾਲ ਦੌਰਾਨ ਹਲਕੇ ਚ ਨਜਾਇਜ਼ ਮਾਈਨਿੰਗ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਅਤੇ ਪਹਾੜੀ ਖੇਤਰ ਦੇ ਨਾਲ ਨਾਲ ਪਿਛਲੇ ਤਿੰਨ ਚਾਰ ਸਾਲਾਂ ਚ ਅੰਨ੍ਹੇਵਾਹ ਮਾਈਨਿੰਗ ਹੋਈ ਹੈ। ਕਈ ਥਾਵਾਂ ਤੇ ਤਾਂ 20 ਤੋਂ 25-30 ਫੁੱਟ ਤੱਕ ਡੂੰਘੀ ਮਿੱਟੀ ਕੱਢੀ ਗਈ ਹੈ, ਜਿਸ ਨਾਲ ਕੁਦਰਤੀ ਵਾਤਾਵਰਨ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਸ਼ਹਿਰ ਅੰਦਰੋਂ ਓਵਰਲੋਡ ਟਿੱਪਰ ਅਤੇ ਟਰਾਲੀਆਂ ਬੇਰੋਕ ਲੰਘਦੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀ ਸ਼ਹਿ ਤੇ ਇਹ ਸਭ ਹੋ ਰਿਹਾ ਹੈ। ਗੜ੍ਹਸ਼ੰਕਰ ਦਾ ਇਲਾਕਾ ਸ਼ਿਵਾਲਿਕ ਪਹਾੜੀਆਂ ਨਾਲ ਲੱਗਦਾ ਹੋਣ ਕਰਕੇ ਵਾਤਾਵਰਨ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਇਸ ਦੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪਰ ਆਪ ਸਰਕਾਰ ਨੇ ਇਸ ਨੂੰ ਬਚਾਉਣ ਦੀ ਥਾਂ ਉਜਾੜਨ ਦਾ ਕੰਮ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ| ਕਾਂਗਰਸ ਸਰਕਾਰ ਬਣਨ ਤੇ ਗੜ੍ਹਸ਼ੰਕਰ ਹਲਕੇ ਚੋਂ ਨਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਅਤੇ ਕੁਦਰਤ ਨੂੰ ਬਚਾਉਣ ਲਈ ਠੋਸ ਨੀਤੀ ਬਣਾਈ ਜਾਵੇਗੀ।