ਸੱਚ ਤੇ ਧਰਮ ਦੇ ਮਾਰਗ ’ਤੇ ਚੱਲਣ ਵਾਲਾ ਗੁਰਸਿੱਖ ਕਦੇ ਨਿਰਾਸ਼ ਨਹੀਂ ਹੁੰਦਾ: ਸੰਤ ਬਾਬਾ ਗੁਰਦਿਆਲ ਸਿੰਘ ਜੀ ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਣ ਵਾਲਾ ਗੁਰਸਿੱਖ ਕਦੇ ਨਿਰਾਸ਼ ਨਹੀਂ ਹੁੰਦਾ: ਸੰਤ ਬਾਬਾ ਗੁਰਦਿਆਲ ਸਿੰਘ ਜੀ
Publish Date: Mon, 12 Oct 2026 04:40 PM (IST)
Updated Date: Tue, 13 Oct 2026 04:03 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਵਿਖੇ ਚੱਲ ਰਹੇ ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਗੁਰਬਾਣੀ ਦੇ ਪ੍ਰਵਾਹ ਰਾਹੀਂ ਸੰਗਤਾਂ ਨੂੰ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਹੋ ਰਹੀ ਹੈ। ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਜੀ ਵੱਲੋਂ ਦਹਾਕਿਆਂ ਪਹਿਲਾਂ ਸ਼ੁਰੂ ਕੀਤੀ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਪਰੰਪਰਾ ਨੂੰ ਸੰਤ ਬਾਬਾ ਗੁਰਦਿਆਲ ਸਿੰਘ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਗੇ ਤੋਰਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਚੌਥੀ ਲੜੀ ਦੇ ਭੋਗ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਸਜਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਸੰਤ-ਮਹਾਂਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਖੱਟਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਸੱਚ, ਧਰਮ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਹਮੇਸ਼ਾ ਦੇਣ ਵਾਲਿਆਂ ਅਤੇ ਖੋਹਣ ਵਾਲਿਆਂ, ਧਰਮ ਦੀ ਰੱਖਿਆ ਕਰਨ ਵਾਲਿਆਂ ਅਤੇ ਜ਼ੁਲਮ ਕਰਨ ਵਾਲਿਆਂ ਦੀਆਂ ਗਾਥਾਵਾਂ ਨਾਲੋ-ਨਾਲ ਚੱਲਦੀਆਂ ਹਨ। ਭਗਵਾਨ ਸ੍ਰੀ ਰਾਮ ਦੀ ਕਥਾ ਵਿੱਚ ਰਾਵਣ ਦਾ ਪ੍ਰਸੰਗ ਹੋਵੇ ਜਾਂ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਜ਼ਾਲਮਾਂ ਦਾ ਜ਼ਿਕਰ, ਇਹ ਸਾਰੇ ਪ੍ਰਸੰਗ ਸਾਨੂੰ ਸੱਚ ਅਤੇ ਝੂਠ ਵਿਚਲਾ ਫ਼ਰਕ ਸਮਝਾਉਂਦੇ ਹਨ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਪ੍ਰਸੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਸੱਚ, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਸ ਗੱਲ ਦਾ ਪ੍ਰਮਾਣ ਹੈ ਕਿ ਸੱਚ ਦੇ ਮਾਰਗ ’ਤੇ ਚੱਲਣ ਵਾਲਾ ਵਿਅਕਤੀ ਜ਼ੁਲਮ ਅਤੇ ਲਾਲਚ ਅੱਗੇ ਕਦੇ ਨਹੀਂ ਝੁਕਦਾ। ਭਾਵੇਂ ਕਿੰਨੀਆਂ ਵੀ ਮੁਸੀਬਤਾਂ ਆ ਜਾਣ, ਉਸ ਨੂੰ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਰਾਤ ਦੇ ਦੀਵਾਨ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲਿਆਂ ਨੇ ਕਿਹਾ ਕਿ ਇਕੋਤਰੀ ਸਮਾਗਮ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮਹੱਤਵਪੂਰਨ ਕੇਂਦਰ ਹੈ। ਉਨ੍ਹਾਂ ਸਿੱਖੀ ਦੇ ਪ੍ਰਚਾਰ ਲਈ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਅਤੇ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਵੀ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਇਕੋਤਰੀ ਗੁਰਮਤਿ ਦੀਵਾਨ ਦੌਰਾਨ ਪੁੱਜੇ ਉਪਰੋਕਤ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਬਾਬਾ ਜਗਦੀਸ਼ ਸਿੰਘ , ਸੰਤ ਬਾਬਾ ਸੁਖਰਾਜ ਸਿੰਘ, ਸੰਤ ਭਰਪੂਰ ਸਿੰਘ, ਭਾਈ ਚਰਨਪ੍ਰੀਤ ਸਿੰਘ, ਭਾਈ ਹਰਮੇਲ ਪ੍ਰਕਾਸ਼ ਸਿੰਘ, ਭਾਈ ਹੀਰਾ ਸਿੰਘ ਤੋਂ ਇਲਾਵਾ ਹੋਰ ਕਈ ਪੰਥ ਪ੍ਰਸਿੱਧ ਸ਼ਖਸ਼ੀਅਤਾਂ ਨੂੰ ਸਿਰੋਪਾਓ ਭੇਂਟ ਕਰ ਸਨਮਾਨਿਤ ਵੀ ਕੀਤਾ ਗਿਆ।