ਸਰਕਾਰੀ ਸਕੂਲਾਂ ’ਚ 'ਮੈਗਾ ਪੀਟੀਐਮ' 28 ਮਾਰਚ ਨੂੰ : ਨਵਾਂ ਸੈਸ਼ਨ 1 ਤੋਂ ਸ਼ੁਰੂ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 28 ਮਾਰਚ ਨੂੰ 'ਮੈਗਾ ਪੀਟੀਐਮ':
Publish Date: Mon, 23 Mar 2026 03:52 PM (IST)
Updated Date: Tue, 24 Mar 2026 03:59 AM (IST)

ਨਾਨ-ਬੋਰਡ ਜਮਾਤਾਂ ਦੇ ਨਤੀਜੇ ਹੋਣਗੇ ਐਲਾਨ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 28 ਮਾਰਚ 2026 (ਸ਼ਨੀਵਾਰ) ਨੂੰ ਇੱਕ ਵਿਸ਼ਾਲ ਮਾਪੇ-ਅਧਿਆਪਕ ਮਿਲਣੀ (ਮੈਗਾ ਪੀਟੀਐਮ) ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਧਿਕਾਰਕ ਸੁਤਰਾਂ ਅਨੁਸਾਰ ਇਸ ਮਿਲਣੀ ਦਾ ਮੁੱਖ ਮੰਤਵ ਪਹਿਲੀ ਤੋਂ ਗਿਆਰਵੀਂ (ਨਾਨ-ਬੋਰਡ) ਜਮਾਤਾਂ ਦੇ ਸਲਾਨਾ ਨਤੀਜੇ ਐਲਾਨਣਾ ਅਤੇ ਵਿਦਿਆਰਥੀਆਂ ਦੇ ਹੋਲਿਸਟਿਕ ਰਿਪੋਰਟ ਕਾਰਡ ਸਾਂਝੇ ਕਰਨਾ ਹੈ। ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ, ਪੀਟੀਐਮ ਸਵੇਰੇ 8:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਐਸਐਮਸੀ ਮੈਂਬਰਾਂ, ਪੰਚਾਇਤ ਨੁਮਾਇੰਦਿਆਂ, ਸਥਾਨਕ ਵਿਧਾਇਕਾਂ, ਪੁਰਾਣੇ ਵਿਦਿਆਰਥੀਆਂ ਅਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਮੈਗਾ ਪੀਟੀਐਮ ਦਾ ਮਕਸਦ ਵਿਦਿਆਰਥੀਆਂ ਦੀ ਸਾਲ ਭਰ ਦੀ ਪੜ੍ਹਾਈ, ਸਰਵਪੱਖੀ ਮੁਲਾਂਕਣ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨਾਲ ਵਿਸਥਾਰ ਵਿੱਚ ਚਰਚਾ ਕਰਨਾ ਹੈ। ਇਸ ਨਾਲ ਮਾਪਿਆਂ ਦੀ ਸਕੂਲ ਵਿਕਾਸ ਵਿੱਚ ਭਾਗੀਦਾਰੀ ਵਧਾਉਣ ਅਤੇ ਉਨ੍ਹਾਂ ਨੂੰ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਏਜੰਡੇ ’ਚ ਸ਼ਾਮਲ ਇਹ ਹਨ ਅਹਿਮ ਮੁੱਦੇ : ਸਲਾਨਾ ਨਤੀਜਿਆਂ ਦੀ ਘੋਸ਼ਣਾ ਤੇ ਰਿਪੋਰਟ ਕਾਰਡ ਵੰਡ, 1 ਅਪ੍ਰੈਲ 2026 ਤੋਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ ਨਿਰੰਤਰ ਦਾਖਲੇ ਲਈ ਪ੍ਰੇਰਣਾ, ਤਿੰਨ ਦਿਨ ਗੈਰਹਾਜ਼ਰੀ ‘ਤੇ ਆਟੋਮੈਟਿਕ ਐਸ.ਐਮ.ਐਸ. ਅਲਰਟ ਪ੍ਰਣਾਲੀ ਬਾਰੇ ਜਾਣਕਾਰੀ, 14 ਸਾਲ ਦੀਆਂ ਲੜਕੀਆਂ ਲਈ ਐਚ.ਪੀ.ਵੀ. ਟੀਕਾਕਰਣ ਮੁਹਿੰਮ ਬਾਰੇ ਜਾਗਰੂਕਤਾ, ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁਨਰ ਸਿੱਖਿਆ ਯੋਜਨਾ ਸਬੰਧੀ ਸੈਸ਼ਨ, ਮੇਰਾ ਮੁਕਾਬਲਾ ਮੇਰੇ ਨਾਲ ’ਤੇ ਜ਼ੋਰ, ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦਿਆਰਥੀਆਂ ਦੇ ਅੰਕਾਂ ਦੀ ਹੋਰਾਂ ਨਾਲ ਤੁਲਨਾ ਕਰਨ ਦੀ ਬਜਾਏ “ਮੇਰਾ ਮੁਕਾਬਲਾ ਮੇਰੇ ਨਾਲ” ਦੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਮਾਪਿਆਂ ਨੂੰ ਬੱਚਿਆਂ ਦੀ ਨਿੱਜੀ ਤਰੱਕੀ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕਰਨ। ਸਕੂਲਾਂ ਨੂੰ ਪੀਟੀਐੱਮ ਤੋਂ ਪਹਿਲਾਂ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਸਫ਼ਾਈ ਮੁਹਿੰਮ, ਮਾਪਿਆਂ ਨੂੰ ਸੱਦਾ ਦੇਣਾ, ਜਾਗਰੂਕਤਾ ਸੰਦੇਸ਼ ਅਤੇ ਸਟਾਫ ਮੀਟਿੰਗਾਂ ਸ਼ਾਮਲ ਹਨ। ਪੀਟੀਐਮ ਦੇ ਦਿਨ ਮਾਪਿਆਂ ਦੇ ਸਵਾਗਤ, ਬੈਠਕਾਂ ਦੀ ਵਿਆਵਸਥਾ, ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਅਤੇ ਸੁਝਾਅ ਬਾਕਸ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਆਪਕ ਮਾਪਿਆਂ ਨਾਲ ਵਿਦਿਆਰਥੀਆਂ ਦੀ ਪ੍ਰਗਤੀ, ਰੁਚੀਆਂ ਅਤੇ ਸੁਧਾਰ ਲਈ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ ਅਤੇ ਮਾਪਿਆਂ ਨੂੰ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰਨਗੇ। ਮਾਪਿਆਂ ਤੋਂ ਫੀਡਬੈਕ ਲੈਣ ਲਈ ਗੂਗਲ ਫਾਰਮ ਤੇ ਸੁਝਾਅ ਬਾਕਸ ਦੀ ਵਰਤੋਂ ਕੀਤੀ ਜਾਵੇਗੀ। ਸਾਰੇ ਸਕੂਲ ਮੁਖੀ 28 ਮਾਰਚ ਨੂੰ ਹੀ ਦੁਪਹਿਰ 1 ਵਜੇ ਤੱਕ ਪੀਟੀਐਮ ਦੀ ਰਿਪੋਰਟ ਅਤੇ ਤਸਵੀਰਾਂ ਵਿਭਾਗ ਦੇ ਨਿਰਧਾਰਿਤ ਲਿੰਕ ‘ਤੇ ਅਪਲੋਡ ਕਰਨਗੇ। ਇਸ ਮੌਕੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀ, ਰਿਸੋਰਸ ਕੋਆਰਡੀਨੇਟਰ ਅਤੇ ਹੋਰ ਨੁਮਾਇੰਦੇ ਸਕੂਲਾਂ ਦਾ ਦੌਰਾ ਕਰਕੇ ਪੀਟੀਐਮ ਦੀਆਂ ਗਤੀਵਿਧੀਆਂ ਦਾ ਨਿਰੀਖਣ ਵੀ ਕਰਨਗੇ।