ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ, ਟੁੱਟੇ ਸੀਵਰੇਜ ਕਵਰਾਂ ਦੀ ਤੁਰੰਤ ਮੁਰੰਮਤ ਦੀ ਮੰਗ
ਨਗਰ ਨਿਗਮ ਖ਼ਿਲਾਫ਼ ਪੁਤਲਾ ਸਾੜ ਕੇ ਪ੍ਰਦਰਸ਼ਨ, ਟੁੱਟੇ ਸੀਵਰੇਜ ਕਵਰਾਂ ਦੀ ਤੁਰੰਤ ਮੁਰੰਮਤ ਦੀ ਮੰਗ
Publish Date: Wed, 25 Feb 2026 04:51 PM (IST)
Updated Date: Thu, 26 Feb 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹਿਰ ਵਿੱਚ ਟੁੱਟੇ ਸੀਵਰੇਜ ਕਵਰਾਂ ਅਤੇ ਖ਼ਰਾਬ ਸੜਕਾਂ ਦੀ ਸਮੱਸਿਆ ਨੂੰ ਲੈ ਕੇ ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵੱਲੋਂ ਨਗਰ ਨਿਗਮ ਦੇ ਖ਼ਿਲਾਫ਼ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਾਰਜਕਾਰੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ਹੇਠ ਫਗਵਾੜਾ ਚੌਕ ਵਿੱਚ ਨਗਰ ਨਿਗਮ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜਾਵੇਦ ਖਾਨ ਨੇ ਕਿਹਾ ਕਿ ਫਗਵਾੜਾ ਚੌਕ ਵਿੱਚ ਇੱਕ ਸੀਵਰੇਜ ਦਾ ਢੱਕਣ ਲੰਬੇ ਸਮੇਂ ਤੋਂ ਟੁੱਟਿਆ ਪਿਆ ਹੈ। ਇਲਾਕਾ ਨਿਵਾਸੀਆਂ ਵੱਲੋਂ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤਾਂ ਦੇ ਬਾਵਜੂਦ ਅਜੇ ਤੱਕ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਟੁੱਟੇ ਢੱਕਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਕੱਲਾ ਮਾਮਲਾ ਨਹੀਂ ਹੈ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਜਿਹੇ ਕਈ ਟੁੱਟੇ ਸੀਵਰੇਜ ਕਵਰ ਮੌਜੂਦ ਹਨ, ਪਰ ਨਗਰ ਨਿਗਮ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਵੀ ਬੇਹੱਦ ਖ਼ਰਾਬ ਹੈ ਅਤੇ ਹਰ ਪਾਸੇ ਟੋਏ ਪਏ ਹੋਏ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਾਵੇਦ ਖਾਨ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਨੇ ਵੀ ਇਸ ਮਾਮਲੇ ’ਤੇ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਮੇਅਰ ਅਤੇ ਵਿਧਾਇਕ ਦੇ ਖ਼ਿਲਾਫ਼ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਾਗਰ, ਅਨਮੋਲ, ਦੀਪਕ ਸ਼ਰਮਾ, ਵਿੱਕੀ, ਰਾਜੂ, ਚਿੰਟੂ, ਸੂਰਜ, ਰਵੀ, ਵਿਸ਼ਵਾਸ, ਹਰਵਿੰਦਰ, ਨਿਖਿਲ, ਪ੍ਰਿੰਸ, ਅਜੇ, ਵਿਸ਼ਨੂੰ, ਕਾਸ਼ੂ ਆਦਿ ਹਾਜ਼ਰ ਸਨ।