ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਵਿਅਕਤੀ ਕਾਬੂ ; ਮਾਮਲੇ ਦਰਜ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਵਿਅਕਤੀ ਕਾਬੂ; ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ
Publish Date: Wed, 25 Feb 2026 03:56 PM (IST)
Updated Date: Thu, 26 Feb 2026 04:01 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਹਰਿਆਣਾ ਅਤੇ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਕਰਦਿਆਂ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਹਰਿਆਣਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਦਾ ਸੇਵਨ ਕਰਦਿਆਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ, ਏ.ਐਸ.ਆਈ. ਵਰਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੱਸੀ ਉਮਰ ਖਾਂ ਦੇ ਪੱਕੇ ਰਸਤੇ ਨੇੜੇ ਝਾੜੀਆਂ ਵਿੱਚ ਬੈਠ ਕੇ ਕਥਿਤ ਤੌਰ ਤੇ ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਰਮੇਸ਼ ਚੰਦਰ (ਵਾਸੀ ਦੋਲੋਵਾਲ) ਅਤੇ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਜਗਤ ਰਾਮ (ਵਾਸੀ ਘਾਸੀਪੁਰ) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਨਸ਼ਾ ਸਲਗਾਉਣ ਵਾਲਾ ਇੱਕ ਲਾਈਟਰ, ਇੱਕ ਵਰਤਿਆ ਹੋਇਆ ਸਿਲਵਰ ਪੇਪਰ (ਜੋ ਕਾਲਾ ਹੋਇਆ ਸੀ) ਅਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਹੋਰ ਮਾਮਲੇ ਵਿੱਚ, ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਲਖਵਿੰਦਰ ਸਿੰਘ ਉਰਫ਼ ਭਿੰਡੀ ਪੁੱਤਰ ਸੁਭਾਸ਼ ਵਾਸੀ ਗੜ੍ਹਦੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਅਨੁਸਾਰ ਏ.ਐਸ.ਆਈ. ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਗੜ੍ਹਦੀਵਾਲਾ ਵਿਖੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਲਖਵਿੰਦਰ ਸਿੰਘ, ਜੋ ਕਿ ਨਸ਼ੇ ਕਰਨ ਦਾ ਆਦੀ ਦੱਸਿਆ ਜਾਂਦਾ ਹੈ, ਇਸ ਵੇਲੇ ਦੁਸਹਿਰਾ ਗਰਾਊਂਡ ਵਿੱਚ ਮੌਜੂਦ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਸਿਵਲ ਹਸਪਤਾਲ ਦਸੂਹਾ ਵਿਖੇ ਉਸਦਾ ਡੋਪ ਟੈਸਟ ਕਰਵਾਇਆ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਡੋਪ ਟੈਸਟ ਦੀ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ।