ਵੱਖ-ਵੱਖ ਥਾਵਾਂ ਤੋਂ 5 ਕਾਬੂ, ਨਸ਼ੀਲੀਆਂ ਗੋਲ਼ੀਆਂ ਤੇ ਟੀਕੇ ਬਰਾਮਦ
ਨਸ਼ਿਆਂ ਵਿਰੁੱਧ ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਵੱਖ-ਵੱਖ ਥਾਵਾਂ ਤੋਂ 5 ਕਾਬੂ, ਨਸ਼ੀਲੀਆਂ ਗੋਲੀਆਂ ਅਤੇ ਟੀਕੇ ਬਰਾਮਦ
Publish Date: Mon, 23 Feb 2026 04:22 PM (IST)
Updated Date: Tue, 24 Feb 2026 04:01 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ਅਧੀਨ 5 ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਗਏ ਹਨ।
ਪੁਲਿਸ ਮੁਤਾਬਕ ਲੇਡੀ ਏਐਸਆਈ ਮਨਿੰਦਰ ਕੌਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਫੋਕਲ ਪੁਆਇੰਟ ਨੇੜੇ ਮੌਜੂਦ ਸੀ, ਜਿੱਥੇ ਇਕ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਸੁੱਟ ਦਿੱਤਾ। ਪੁਲਿਸ ਨੇ ਕਿਹਾ ਕਿ ਉਸ ਨੂੰ ਕਾਬੂ ਕਰਕੇ ਉਸਦੀ ਪਛਾਣ ਗੌਰਵ ਪੁੱਤਰ ਕਮਲ ਵਾਸੀ ਕੋਟਲੀ ਜੰਡ, ਵਜੋਂ ਹੋਈ। ਤਲਾਸ਼ੀ ਦੌਰਾਨ ਲਿਫਾਫੇ ਵਿੱਚੋਂ 120 ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਣ ਉਪਰੰਤ ਮਾਮਲਾ ਦਰਜ ਕੀਤਾ ਗਿਆ।
ਏਐਸਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਪਿੰਡ ਬਾਦੋਵਾਲ ਨੇੜੇ ਇਕ ਨੌਜਵਾਨ ਨੂੰ ਐਕਟਿਵਾ ਸਮੇਤ ਸ਼ੱਕ ਦੇ ਆਧਾਰ ’ਤੇ ਰੋਕਿਆ। ਪੁਲਿਸ ਨੇ ਦੱਸਿਆ ਕਿ ਨੌਜਵਾਨ ਨੇ ਕਥਿਤ ਤੌਰ ’ਤੇ ਇਕ ਮੋਮੀ ਲਿਫਾਫਾ ਘਾਹ ਵਿੱਚ ਸੁੱਟਿਆ। ਤਲਾਸ਼ੀ ਦੌਰਾਨ 105 ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਵਾਸੀ ਤਲਵੰਡੀ ਕੰਨੂੰਗੋ ਵਜੋਂ ਹੋਈ।
ਥਾਣਾ ਦਸੂਹਾ ਦੀ ਪੁਲਿਸ ਨੇ ਧਰਮਪੁਰਾ ਬੱਸ ਸਟਾਪ ਦੇ ਸ਼ੈੱਡ ਅੰਦਰੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਅਤੇ ਗੁਰਮੀਤ ਸਿੰਘ (ਦੋਵੇਂ ਵਾਸੀ ਬੁੱਧੋਬਰਕਤ) ਕਥਿਤ ਤੌਰ 'ਤੇ ਆਪਣੀਆਂ ਬਾਹਾਂ ਵਿੱਚ ਸਰਿੰਜਾਂ ਲਗਾ ਕੇ ਨਸ਼ਾ ਕਰ ਰਹੇ ਸਨ। ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਏ.ਐਸ.ਆਈ. ਰਾਕੇਸ਼ ਕੁਮਾਰ ਦੀ ਟੀਮ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ।
ਥਾਣਾ ਮੇਹਟੀਆਣਾ ਦੀ ਪੁਲਿਸ ਨੇ ਪਿੰਡ ਹੁੱਕੜਾਂ ਦੇ ਰਵਿੰਦਰ ਸਿੰਘ ਉਰਫ ਲਾਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਪਿੰਡ ਤਾਜੋਵਾਲ ਨੇੜੇ ਖੇਤਾਂ ਵਿੱਚ ਇੱਕ ਮੋਟਰ ਦੇ ਉਹਲੇ ਬੈਠਾ ਸੀ। ਉਹ ਕਥਿਤ ਤੌਰ 'ਤੇ ਸਿਲਵਰ ਪੰਨੀ ਅਤੇ ਲਾਈਟਰ ਦੀ ਮਦਦ ਨਾਲ ਨਸ਼ੀਲੇ ਪਦਾਰਥ ਦਾ ਧੂੰਆਂ ਅੰਦਰ ਖਿੱਚ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਸਿਲਵਰ ਪੰਨੀ, ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ।