ਸੀਵਰੇਜ ਦਾ ਟੁੱਟਿਆ ਢੱਕਣ ਬਣ ਰਿਹੈ ਹਾਦਸੇ ਦਾ ਕਾਰਨ ਸੀਵਰੇਜ ਦਾ ਟੁੱਟਿਆ ਢੱਕਣ ਬਣ ਸਕਦਾ ਹਾਦਸੇ ਦਾ ਕਾਰਨ
Publish Date: Mon, 19 Oct 2026 03:20 PM (IST)
Updated Date: Mon, 19 Oct 2026 03:21 PM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ : ਇਲਾਕੇ ’ਚ ਨਗਰ ਕੌਂਸਲ ਹਰਿਆਣਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਹਰਿਆਣਾ ਬਾਬਾ ਬੁੱਢਾ ਗੁਰਦੁਆਰਾ ਲਿੰਕ ਸੜਕ ’ਤੇ ਸਥਿਤ ਸੀਵਰੇਜ ਦਾ ਟੁੱਟਿਆ ਹੋਇਆ ਢੱਕਣ ਕਿਸੇ ਵੱਡੇ ਹਾਦਸੇ ਨੂੰ ਨਿਓਤਾ ਦੇ ਰਿਹਾ ਹੈ। ਸਥਾਨਕ ਨਿਵਾਸੀਆਂ ਤੇ ਰਾਹਗੀਰਾਂ ਅਨੁਸਾਰ ਇਹ ਢੱਕਣ ਪਿਛਲੇ ਕਾਫੀ ਸਮੇਂ ਤੋਂ ਟੁੱਟਿਆ ਹੋਇਆ ਹੈ ਪਰ ਨਗਰ ਕੌਂਸਲ ਵੱਲੋਂ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਜ਼ਾਰਾਂ ਲੋਕਾਂ ਦੀ ਆਵਾਜਾਈ ਵਾਲੇ ਇਹ ਲਿੰਕ ਰੋਡ ’ਤੇ ਇਹ ਖੁੱਲ੍ਹਾ ਤੇ ਟੁੱਟਿਆ ਸੀਵਰੇਜ ਸਥਿਤ ਹੈ। ਇੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਪਣੇ ਕੰਮ-ਕਾਰਾਂ, ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਲਈ ਗੁਜ਼ਰਦੇ ਹਨ। ਇਸ ਤੋਂ ਇਲਾਵਾ ਛੋਟੇ-ਵੱਡੇ ਵਾਹਨਾਂ ਦੀ ਲਗਾਤਾਰ ਆਵਾਜਾਈ ਬਣੀ ਰਹਿੰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਤਾਂ ਲੋਕ ਜਿਵੇਂ-ਤਿਵੇਂ ਬਚ ਕੇ ਲੰਘ ਜਾਂਦੇ ਹਨ, ਪਰ ਰਾਤ ਦੇ ਸਮੇਂ ਜਦੋਂ ਲਾਈਟਾਂ ਦੀ ਘਾਟ ਹੁੰਦੀ ਹੈ, ਤਾਂ ਇਹ ਖੱਡਾ ਬਿਲਕੁੱਲ ਦਿਖਾਈ ਨਹੀਂ ਦਿੰਦਾ। ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਸ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਜਾਨੀ ਨੁਕਸਾਨ ਦਾ ਇੰਤਜ਼ਾਰ ਕਰ ਰਿਹਾ ਹੈ। ਸ਼ਹਿਰ ਵਾਸੀਆਂ ਤੋਂ ਸਫ਼ਾਈ ਤੇ ਹੋਰ ਟੈਕਸ ਤਾਂ ਵਸੂਲੇ ਜਾਂਦੇ ਹਨ ਪਰ ਜਦੋਂ ਬੁਨਿਆਦੀ ਸਹੂਲਤਾਂ ਤੇ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਧਿਕਾਰੀ ਅੱਖਾਂ ਮੀਟ ਲੈਂਦੇ ਹਨ। ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਹਰਿਆਣਾ ਤੇ ਸਬੰਧਤ ਉੱਚ ਅਧਿਕਾਰੀ ਤੁਰੰਤ ਇਸ ਸਮੱਸਿਆ ਦਾ ਗੰਭੀਰਤਾ ਨਾਲ ਨੋਟਿਸ ਲੈਣ। ਇਸ ਟੁੱਟੇ ਹੋਏ ਢੱਕਣ ਨੂੰ ਬਦਲ ਕੇ ਨਵਾਂ ਤੇ ਮਜ਼ਬੂਤ ਢੱਕਣ ਲਗਾਇਆ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।