- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਊਟੀ ਤੋਂ ਪਰਤ ਰਹੇ ਏਐਸਆਈ ਹਾਦਸੇ ਚ ਗੰਭੀਰ ਜ਼ਖਮੀ

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਫੋਕਲ ਪੁਆਇੰਟ ਟਾਂਡਾ ਨੇੜੇ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਪੁਲਿਸ ਮੁਲਾਜ਼ਮ ਏਐਸਆਈ ਮਨੋਜ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਕੇਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਹਾਦਸਾ ਬੀਤੀ ਰਾਤ ਉਸ ਵੇਲੇ ਵਾਪਰਿਆ ਜਦੋਂ ਕਾਰ ਚਾਲਕ ਏਐਸਆਈ ਮਨੋਜ ਕੁਮਾਰ ਡਿਊਟੀ ਤੋਂ ਵਾਪਸ ਪਰਤਦੇ ਸਮੇਂ ਇੱਕ ਟਰਾਲੇ ਦੀ ਲਪੇਟ ਵਿੱਚ ਆ ਗਿਆ। ਇਸ ਸਬੰਧੀ ਐਸਐਚੳ ਟਾਂਡਾ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਏਐਸਆਈ ਮਨੋਜ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਕਿ ਜਦੋਂ ਉਹ ਫੋਕਲ ਪੁਆਇੰਟ ਟਾਂਡਾ ਨੇੜੇ ਪਹੁੰਚੇ ਤਾਂ ਇੱਕ ਟਰਾਲਾ ਚਾਲਕ ਨੇ ਕਥਿਤ ਤੌਰ ’ਤੇ ਲਾਪਰਵਾਹੀ ਵਰਤਦੇ ਹੋਏ ਬਿਨਾਂ ਇੰਡੀਕੇਟਰ ਦਿੱਤੇ ਟਰਾਲੇ ਨੂੰ ਸਰਵਿਸ ਰੋਡ ਤੋਂ ਨੈਸ਼ਨਲ ਹਾਈਵੇ ’ਤੇ ਚੜ੍ਹਾ ਦਿੱਤਾ। ਅਚਾਨਕ ਸਾਹਮਣੇ ਆਏ ਟਰਾਲੇ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਏਐਸਆਈ ਜਤਿੰਦਰ ਸਿੰਘ ਅਤੇ ਲਖਵੀਰ ਸਿੰਘ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਟਾਂਡਾ ਪੁਲਿਸ ਨੇ ਜ਼ਖ਼ਮੀ ਏਐਸਆਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰਾਲਾ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।