ਸੀਐੱਚਸੀ ਹਾਜੀਪੁਰ ’ਚ ਪਾਰਕਿੰਗ ਪਰਚੀ ਵਸੂਲੀ ਦਾ ਭਖਿਆ ਮਾਮਲਾ ਸੀਐੱਚਸੀ ਹਾਜੀਪੁਰ ’ਚ ਪਾਰਕਿੰਗ ਪਰਚੀ ਵਸੂਲੀ ਦਾ ਮਾਮਲਾ ਭਖਿਆ
Publish Date: Sat, 17 Oct 2026 05:04 PM (IST)
Updated Date: Sat, 17 Oct 2026 05:06 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈੱਲਥ ਸੈਂਟਰ ਹਾਜੀਪੁਰ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਵਾਹਨਾਂ ਦੀ ਪਾਰਕਿੰਗ ਦੇ ਨਾਂ ’ਤੇ ਪਰਚੀ ਰਾਹੀਂ ਫੀਸ ਵਸੂਲਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਮੇਂ ਪਾਰਕਿੰਗ ਪ੍ਰਬੰਧਾਂ ਅਤੇ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਸਵਾਲ ਉੱਠਣ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਦੱਸਿਆ ਕਿ ਸੀਐੱਚਸੀ ਹਾਜੀਪੁਰ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਲਈ ਪ੍ਰਮੁੱਖ ਸਰਕਾਰੀ ਸਿਹਤ ਸੰਸਥਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਇਲਾਜ ਲਈ ਆਉਂਦੇ ਲੋਕਾਂ ਕੋਲ੍ਹੋਂ ਵਾਹਨ ਖੜ੍ਹੇ ਕਰਨ ਬਦਲੇ ਪਾਰਕਿੰਗ ਪਰਚੀ ਕੱਟ ਕੇ ਫੀਸ ਵਸੂਲੀ ਕਰਦੇ ਹੋਏ ਲੋਕਾਂ ਉੱਤੇ ਵਾਧੂ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਸਿਹਤ ਕੇਂਦਰ ਅੰਦਰ ਪਾਰਕਿੰਗ ਲਈ ਕੋਈ ਸਪੱਸ਼ਟ ਹੱਦਬੰਦੀ ਵਾਲੀ ਜਗ੍ਹਾ ਵੀ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਇਸ ਪ੍ਰਬੰਧ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਰਕਿੰਗ ਕਰਿੰਦਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਪਰਚੀਆਂ ’ਤੇ ਵਾਹਨਾਂ ਦੇ ਹਿਸਾਬ ਨਾਲ ਨਿਰਧਾਰਤ ਫੀਸ ਨਹੀਂ ਛਾਪੀ ਗਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਾਰਕਿੰਗ ਕਰਿੰਦਿਆਂ ਵੱਲੋਂ ਕਥਿਤ ਧੱਕੇਸ਼ਾਹੀ ਕਰਨ, ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸੀਟਾਂ ਪਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਵੀ ਦੋਸ਼ ਲਾਏ। ਗੁਰੂ ਨਾਨਕ ਸੇਵਾ ਸੁਸਾਇਟੀ ਦੇ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਗ੍ਰਾਮ ਪੰਚਾਇਤ ਹਾਜੀਪੁਰ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਸ਼ੋਰੀ ਲਾਲ ਨੇ ਕਿਹਾ ਕਿ ਪਾਰਕਿੰਗ ਫੀਸ ਵਸੂਲਣ ਸਬੰਧੀ ਪੰਚਾਇਤ ਤੋਂ ਕੋਈ ਇਜਾਜ਼ਤ ਨਹੀਂ ਲਈ ਤੇ ਪਿਛਲੇ ਸਮੇਂ ਦੌਰਾਨ ਕੁੱਝ ਦਿਨਾਂ ਲਈ ਉਗਰਾਹੀ ਬੰਦ ਵੀ ਕਰਵਾਈ ਗਈ। ਅਮਰਜੀਤ ਸਿੰਘ ਢਾਡੇਕਟਵਾਲ, ਕਿਰਪਾਲ ਸਿੰਘ ਗੇਰਾ, ਸਰਪੰਚ ਕਿਸ਼ੋਰੀ ਲਾਲ ਆਦਿ ਨੇ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਯੂਥ ਕਾਂਗਰਸ ਪਰਮਵੀਰ ਸਿੰਘ ਢਾਡੇਕਟਵਾਲ, ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਕੁਲਦੀਪ ਸਿੰਘ ਹਾਜੀਪੁਰ, ਜੁੰਮਾ ਬਾਬਾ, ਖੜਕ ਸਿੰਘ ਸਿੱਬੋਚੱਕ, ਅਜਾਇਬ ਸਿੰਘ ਬੇਲਾ ਸਰਿਆਣਾ ਆਦਿ ਹਾਜ਼ਰ ਸਨ।